Gold Card Visa Program: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਰਵਾਸੀਆਂ ਲਈ ਹਰ ਪਾਸਿਓਂ ਰਾਹ ਬੰਦ ਕਰਦੇ ਜਾ ਰਹੇ ਹਨ। ਟਰੰਪ ਨੇ ਹੁਣ ਇੱਕ ਹੋਰ ਝਟਕਾ ਦਿੱਤਾ ਹੈ। ਟਰੰਪ ਹੁਣ ਅਮਰੀਕੀ ਨਾਗਰਿਕਤਾ ਦੇਣ ਦੇ ਬਦਲੇ 5 ਗੁਣਾ ਜ਼ਿਆਦਾ ਪੈਸੇ ਵਸੂਲਣ ਜਾ ਰਹੇ ਹਨ। ਟਰੰਪ ਨੇ ਮੰਗਲਵਾਰ ਨੂੰ 'ਗੋਲਡ ਕਾਰਡ' ਨਾਮਕ ਇੱਕ ਨਵੇਂ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਨੂੰ 5 ਮਿਲੀਅਨ ਡਾਲਰ (44 ਕਰੋੜ ਭਾਰਤੀ ਰੁਪਏ) ਵਿੱਚ ਖਰੀਦਿਆ ਸਕੇਗਾ। ਟਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਦਾ ਰਸਤਾ ਦੱਸਿਆ ਹੈ।
ਦਰਅਸਲ ਟਰੰਪ ਨੇ 'ਗੋਲਡ ਕਾਰਡ' ਨੂੰ EB-5 ਵੀਜ਼ਾ ਪ੍ਰੋਗਰਾਮ ਦਾ ਵਿਕਲਪ ਦੱਸਿਆ ਤੇ ਐਲਾਨ ਕੀਤਾ ਹੈ ਕਿ ਭਵਿੱਖ ਵਿੱਚ 10 ਲੱਖ ਗੋਲਡ ਕਾਰਡ ਵੇਚੇ ਜਾਣਗੇ। ਵਰਤਮਾਨ ਵਿੱਚ EB-5 ਵੀਜ਼ਾ ਪ੍ਰੋਗਰਾਮ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਰਸਤਾ ਹੈ। ਇਸ ਲਈ ਲੋਕਾਂ ਨੂੰ 10 ਲੱਖ ਡਾਲਰ (ਲਗਪਗ 8.75 ਕਰੋੜ ਰੁਪਏ) ਦੇਣੇ ਪੈਂਦੇ ਹਨ। ਹੁਣ ਇਸ ਦੀ ਥਾਂ 'ਗੋਲਡ ਕਾਰਡ' ਵੀਜ਼ਾ ਲਈ 5 ਗੁਣਾ ਜ਼ਿਆਦਾ ਪੈਸੇ ਦੇਣੇ ਪੈਂਗੇ।
ਟਰੰਪ ਨੇ ਕਿਹਾ ਕਿ ਇਹ ਵੀਜ਼ਾ ਕਾਰਡ ਅਮਰੀਕੀ ਨਾਗਰਿਕਤਾ ਦਾ ਰਾਹ ਖੋਲ੍ਹੇਗਾ। ਲੋਕ ਇਸ ਨੂੰ ਖਰੀਦਣਗੇ ਤੇ ਅਮਰੀਕਾ ਆਉਣਗੇ ਤੇ ਇੱਥੇ ਬਹੁਤ ਸਾਰਾ ਟੈਕਸ ਦੇਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਪ੍ਰੋਗਰਾਮ ਬਹੁਤ ਸਫਲ ਹੋਵੇਗਾ ਤੇ ਰਾਸ਼ਟਰੀ ਕਰਜ਼ੇ ਦਾ ਭੁਗਤਾਨ ਜਲਦੀ ਹੋ ਸਕਦਾ ਹੈ। ਮੰਗਲਵਾਰ ਨੂੰ ਵੀਜ਼ਾ ਪ੍ਰੋਗਰਾਮ ਨਾਲ ਸਬੰਧਤ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਗੋਲਡ ਵੀਜ਼ਾ ਕਾਰਡ ਨਾਗਰਿਕਾਂ ਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਦੋ ਹਫ਼ਤਿਆਂ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਟਰੰਪ ਨੇ ਇਹ ਵੀ ਕਿਹਾ ਕਿ ਨਵੀਂ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਦੇ ਨਾਲ ਵਪਾਰਕ ਸਕੱਤਰ ਹਾਵਰਡ ਲੁਟਨਿਕ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਨਵਾਂ ਵੀਜ਼ਾ ਪ੍ਰੋਗਰਾਮ ਦੇਸ਼ ਵਿੱਚ ਨਿਵੇਸ਼ ਵਧਾਏਗਾ। ਇਸ ਦੇ ਨਾਲ ਹੀ EB-5 ਨਾਲ ਸਬੰਧਤ ਧੋਖਾਧੜੀ ਨੂੰ ਰੋਕਿਆ ਜਾਵੇਗਾ ਤੇ ਨੌਕਰਸ਼ਾਹੀ 'ਤੇ ਲਗਾਮ ਲਗਾਈ ਜਾਵੇਗੀ। ਅਮਰੀਕਾ ਵਿਦੇਸ਼ੀ ਨਾਗਰਿਕਾਂ ਨੂੰ ਇੱਥੇ ਸਥਾਈ ਤੌਰ 'ਤੇ ਰਹਿਣ ਲਈ ਗ੍ਰੀਨ ਕਾਰਡ ਦਿੰਦਾ ਹੈ। ਇਸ ਤੋਂ ਬਾਅਦ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਰਹਿੰਦੀ। ਹਾਲਾਂਕਿ, ਗ੍ਰੀਨ ਕਾਰਡ ਅਮਰੀਕੀ ਨਾਗਰਿਕਤਾ ਨਹੀਂ ਦਿੰਦਾ।
ਟਰੰਪ 35 ਸਾਲ ਪੁਰਾਣੇ ਸਿਸਟਮ ਨੂੰ ਬਦਲ ਦੇਣਗੇ
ਅਮਰੀਕਾ ਵਿੱਚ ਸਥਾਈ ਤੌਰ 'ਤੇ ਰਹਿਣ ਲਈ ਗ੍ਰੀਨ ਕਾਰਡ ਜ਼ਰੂਰੀ ਹੈ। ਇਸ ਲਈ EB-1, EB-2, EB-3, EB-4 ਵੀਜ਼ਾ ਪ੍ਰੋਗਰਾਮ ਹਨ, ਪਰ EB-5 ਵੀਜ਼ਾ ਪ੍ਰੋਗਰਾਮ ਸਭ ਤੋਂ ਵਧੀਆ ਹੈ। ਇਹ 1990 ਤੋਂ ਲਾਗੂ ਹੈ। ਇਸ ਵਿੱਚ ਵਿਅਕਤੀ ਕਿਸੇ ਵੀ ਮਾਲਕ ਨਾਲ ਬੰਨ੍ਹਿਆ ਨਹੀਂ ਹੁੰਦਾ ਤੇ ਅਮਰੀਕਾ ਵਿੱਚ ਕਿਤੇ ਵੀ ਰਹਿ ਸਕਦਾ ਹੈ, ਕੰਮ ਕਰ ਸਕਦਾ ਹੈ ਜਾਂ ਪੜ੍ਹਾਈ ਕਰ ਸਕਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ 4 ਤੋਂ 6 ਮਹੀਨੇ ਲੱਗਦੇ ਹਨ।
EB-4 ਵੀਜ਼ਾ ਪ੍ਰੋਗਰਾਮ ਦਾ ਉਦੇਸ਼ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਇਸ ਵਿੱਚ ਲੋਕਾਂ ਨੂੰ ਇੱਕ ਅਜਿਹੇ ਕਾਰੋਬਾਰ ਵਿੱਚ 10 ਲੱਖ ਡਾਲਰ ਦਾ ਨਿਵੇਸ਼ ਕਰਨਾ ਪੈਂਦਾ ਹੈ ਜੋ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਦਾ ਹੈ। ਇਹ ਵੀਜ਼ਾ ਪ੍ਰੋਗਰਾਮ ਨਿਵੇਸ਼ਕ, ਉਸ ਦੇ ਜੀਵਨ ਸਾਥੀ ਤੇ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਅਮਰੀਕੀ ਸਥਾਈ ਨਾਗਰਿਕਤਾ ਪ੍ਰਦਾਨ ਕਰਦਾ ਹੈ।
ਭਾਰਤੀ ਲੋਕਾਂ 'ਤੇ ਕੀ ਪ੍ਰਭਾਵ ਪਵੇਗਾ?ਰਿਪੋਰਟਾਂ ਦੇ ਅਨੁਸਾਰ, 'ਟਰੰਪ ਵੀਜ਼ਾ ਪ੍ਰੋਗਰਾਮ' ਉਨ੍ਹਾਂ ਭਾਰਤੀਆਂ ਲਈ ਬਹੁਤ ਮਹਿੰਗਾ ਸਾਬਤ ਹੋ ਸਕਦਾ ਹੈ ਜੋ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ EB-5 ਪ੍ਰੋਗਰਾਮ 'ਤੇ ਨਿਰਭਰ ਸਨ। EB-5 ਪ੍ਰੋਗਰਾਮ ਨੂੰ ਖਤਮ ਕਰਨ ਨਾਲ ਲੰਬੇ ਗ੍ਰੀਨ ਕਾਰਡ ਬੈਕਲਾਗ ਵਿੱਚ ਫਸੇ ਹੁਨਰਮੰਦ ਭਾਰਤੀ ਪੇਸ਼ੇਵਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਭਾਰਤੀ ਬਿਨੈਕਾਰਾਂ ਨੂੰ ਪਹਿਲਾਂ ਹੀ ਰੁਜ਼ਗਾਰ-ਅਧਾਰਤ ਗ੍ਰੀਨ ਕਾਰਡ ਸ਼੍ਰੇਣੀ ਦੇ ਤਹਿਤ ਦਹਾਕਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਗੋਲਡ ਕਾਰਡ ਦੀ ਸ਼ੁਰੂਆਤ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਉਨ੍ਹਾਂ ਲੋਕਾਂ ਲਈ ਹੋਰ ਵੀ ਚੁਣੌਤੀਪੂਰਨ ਹੋ ਸਕਦੀ ਹੈ ਜੋ ਭਾਰੀ ਕੀਮਤ ਅਦਾ ਨਹੀਂ ਕਰ ਸਕਦੇ।