Ethiopia Road Accident: ਇਥੋਪੀਆ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੱਥੇ ਨੈਸ਼ਨਲ ਹਾਈਵੇਅ 'ਤੇ ਹੋਏ ਭਿਆਨਕ ਸੜਕ ਹਾਦਸੇ 'ਚ 66 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੁਆਰਾ ਜਾਰੀ ਇੱਕ ਰੀਲੀਜ਼ ਦੇ ਅਨੁਸਾਰ, ਇਹ ਹਾਦਸਾ ਦੱਖਣੀ ਇਥੋਪੀਆ ਵਿੱਚ ਵਾਪਰਿਆ। ਇੱਕ ਕਾਰ ਅਤੇ ਲੋਕਾਂ ਨਾਲ ਭਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਟੱਕਰ ਤੋਂ ਬਾਅਦ ਕਾਰ ਅਤੇ ਬੱਸ ਨਹਿਰ ਵਿੱਚ ਡਿੱਗ ਗਏ। ਲੋਕਾਂ ਨੇ ਬਚਾਅ ਮੁਹਿੰਮ ਚਲਾ ਕੇ ਪੀੜਤਾਂ ਨੂੰ ਨਹਿਰ 'ਚੋਂ ਬਾਹਰ ਕੱਢਿਆ ਪਰ ਉਦੋਂ ਤੱਕ 66 ਲੋਕਾਂ ਦੀ ਮੌਤ ਹੋ ਚੁੱਕੀ ਸੀ। ਸਥਾਨਕ ਬੋਨਾ ਜਨਰਲ ਹਸਪਤਾਲ ਵਿੱਚ ਚਾਰ ਜਣਿਆਂ ਦਾ ਇਲਾਜ ਚੱਲ ਰਿਹਾ ਹੈ।


ਇਹ ਹਾਦਸਾ ਰਾਜਧਾਨੀ ਅਦੀਸ ਅਬਾਬਾ ਤੋਂ ਲਗਭਗ 300 ਕਿਲੋਮੀਟਰ ਦੂਰ ਸਿਦਾਮਾ ਰਾਜ ਵਿੱਚ ਬੋਨਾ ਜ਼ੂਰੀਆ ਵੋਰਦਾ ਵਿੱਚ ਗੇਲਾਨਾ ਪੁਲ ਦੇ ਪੂਰਬੀ ਪਾਸੇ ਵਾਪਰਿਆ। ਸਿਡਾਮਾ ਖੇਤਰੀ ਸਿਹਤ ਬਿਊਰੋ ਨੇ ਫੇਸਬੁੱਕ 'ਤੇ ਪੋਸਟ ਕਰਕੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਬਿਊਰੋ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਮੁਤਾਬਕ ਪਾਣੀ ਵਿੱਚ ਡੁੱਬੇ ਇੱਕ ਵਾਹਨ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਹਨ। ਉਹ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਨੀਲੀ ਤਰਪਾਲ ਨਾਲ ਢੱਕੀਆਂ ਕੁਝ ਲਾਸ਼ਾਂ ਜ਼ਮੀਨ 'ਤੇ ਪਈਆਂ ਦਿਖਾਈ ਦੇ ਰਹੀਆਂ ਹਨ। ਬਿਊਰੋ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।