Pakistan-Taliban War : ਪਾਕਿਸਤਾਨੀ ਫੌਜ ਤੇ ਤਾਲਿਬਾਨ ਵਿਚਾਲੇ ਸਰਹੱਦੀ ਲਾਈਨ ਡੂਰੰਡ ਲਾਈਨ 'ਤੇ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਟੀਟੀਪੀ ਦੇ ਅੱਤਵਾਦੀਆਂ ਦੁਆਰਾ 16 ਪਾਕਿਸਤਾਨੀ ਫੌਜ ਦੇ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ, ਪਾਕਿਸਤਾਨੀ ਹਵਾਈ ਫੌਜ ਨੇ ਅਫਗਾਨਿਸਤਾਨ ਦੇ ਪਕਤਿਕਾ ਅਤੇ ਖੋਸਤ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ। ਪਾਕਿਸਤਾਨ ਦੇ ਇਸ ਹਮਲੇ ਵਿੱਚ ਕਰੀਬ 50 ਲੋਕਾਂ ਦੀ ਜਾਨ ਚਲੀ ਗਈ ਸੀ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਸ ਨੇ ਟੀਟੀਪੀ ਦੇ ਅੱਤਵਾਦੀਆਂ 'ਤੇ ਹਮਲਾ ਕੀਤਾ ਸੀ।


ਇਸ ਹਮਲੇ ਤੋਂ ਗੁੱਸੇ 'ਚ ਆ ਕੇ ਤਾਲਿਬਾਨ ਨੇ ਡੂਰੰਡ ਲਾਈਨ ਦੇ ਨਾਲ ਪਾਕਿਸਤਾਨੀ ਫੌਜ ਦੀਆਂ ਚੌਕੀਆਂ 'ਤੇ ਹਮਲਾ ਕਰਕੇ 19 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ 2 ਪਾਕਿਸਤਾਨੀ ਚੌਕੀਆਂ 'ਤੇ ਕਬਜ਼ਾ ਕਰਨ ਦਾ ਵੀ ਦਾਅਵਾ ਕੀਤਾ ਹੈ।


ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਬ੍ਰਿਟਿਸ਼ ਦੁਆਰਾ ਖਿੱਚੀ ਗਈ ਡੂਰੰਡ ਲਾਈਨ ਨੂੰ ਸਵੀਕਾਰ ਨਹੀਂ ਕਰਦਾ ਹੈ। ਇਸ ਕਾਰਨ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਸ਼ੁਰੂ ਤੋਂ ਹੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹੁਣ ਦੋਵਾਂ ਦੇਸ਼ਾਂ ਵੱਲੋਂ ਇੱਕ-ਦੂਜੇ 'ਤੇ ਹਮਲੇ ਕਰਨ ਤੋਂ ਬਾਅਦ ਡੁਰੰਡ ਲਾਈਨ ਦਾ ਮੁੱਦਾ ਫਿਰ ਗਰਮ ਹੋ ਗਿਆ ਹੈ।



ਤਾਲਿਬਾਨ ਅਤੇ ਪਾਕਿਸਤਾਨ ਵਿਚਾਲੇ ਸ਼ਨੀਵਾਰ ਰਾਤ ਤੱਕ ਲੜਾਈ ਜਾਰੀ ਰਹੀ। ਫਿਲਹਾਲ ਇੱਥੇ ਸ਼ਾਂਤੀਪੂਰਨ ਸਥਿਤੀ ਬਣੀ ਹੋਈ ਹੈ। ਜਾਰੀ ਸੰਘਰਸ਼ ਦੇ ਮੱਦੇਨਜ਼ਰ ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਸਰਹੱਦੀ ਇਲਾਕਿਆਂ ਤੋਂ ਹਿਜਰਤ ਕਰਨੀ ਪਈ ਹੈ। ਪਾਕਿਸਤਾਨੀ ਫੌਜ ਨੇ ਮੰਨਿਆ ਹੈ ਕਿ ਡੂਰੰਡ ਲਾਈਨ ਦੇ ਨੇੜੇ ਕਈ ਇਲਾਕਿਆਂ 'ਚ ਲੜਾਈ ਹੋਈ ਹੈ ਪਰ ਤਾਲਿਬਾਨ ਦੇ ਹਮਲੇ 'ਚ ਸਿਰਫ 1 ਪਾਕਿਸਤਾਨੀ ਫੌਜੀ ਦੀ ਮੌਤ ਹੋਈ ਹੈ।


ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਦੋਹਾਂ ਦੇਸ਼ਾਂ ਵਿਚਾਲੇ ਖਿੱਚੀ ਗਈ ਡੂਰੰਡ ਲਾਈਨ ਨੂੰ ਕਾਲਪਨਿਕ ਰੇਖਾ ਕਰਾਰ ਦਿੱਤਾ ਹੈ। ਅਫਗਾਨ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਫਗਾਨ ਫੌਜ ਨੇ ਪਾਕਿਸਤਾਨੀ ਫੌਜ ਦੀਆਂ ਕਈ ਚੌਕੀਆਂ ਨੂੰ ਵੀ ਸਾੜ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਡੂਰੰਡ ਲਾਈਨ ਨੂੰ ਲੈ ਕੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ। ਅਫਗਾਨਿਸਤਾਨ ਦੀ ਕਿਸੇ ਵੀ ਸਰਕਾਰ ਨੇ ਬ੍ਰਿਟਿਸ਼ ਦੁਆਰਾ ਖਿੱਚੀ ਗਈ ਇਸ ਸਰਹੱਦੀ ਰੇਖਾ ਨੂੰ ਕਦੇ ਸਵੀਕਾਰ ਨਹੀਂ ਕੀਤਾ। ਉਹ ਇਸਨੂੰ ਹਮੇਸ਼ਾ ਇੱਕ ਕਾਲਪਨਿਕ ਲਾਈਨ ਕਹਿੰਦੇ ਹਨ। ਹਾਲ ਹੀ ਵਿੱਚ ਜਦੋਂ ਤਾਲਿਬਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਅਸੀਂ ਨਹੀਂ ਮੰਨਦੇ ਕਿ ਇਹ ਪਾਕਿਸਤਾਨ ਦਾ ਇਲਾਕਾ ਹੈ। ਇਹ ਸਿਰਫ਼ ਇੱਕ ਕਾਲਪਨਿਕ ਲਾਈਨ ਹੈ।