ਬੀਜਿੰਗ: ਸਾਲ 2019 ਵਿੱਚ ਦੇਸ਼ ਦੀ ਫ਼ੌਜ ਨਾਲ ਪਹਿਲੀ ਮੁਲਾਕਾਤ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੁਝ ਅਜਿਹਾ ਕੀਤਾ ਜੋ ਹੈਰਾਨ ਕਰਨ ਵਾਲਾ ਹੈ। ਭਾਰਤ ਦੇ ਗੁਆਂਢੀ ਮੁਲਕ ਦੇ ਰਾਸ਼ਟਰਪਤੀ ਸ਼ੀ ਨੇ ਆਪਣੀ ਫ਼ੌਜ ਨੂੰ ਜੰਗ ਤੇ ਲੁਕੇ ਹੋਏ ਖ਼ਤਰੇ ਵਾਲੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸ਼ੀ ਨੇ ਕੇਂਦਰੀ ਫ਼ੌਜ ਕਮਿਸ਼ਨ ਦੀ ਬੈਠਕ ਵਿੱਚ ਕਿਹਾ ਕਿ ਵੱਡੇ ਪੱਧਰ 'ਤੇ ਹੋਰ ਤੇਜ਼ੀ ਨਾਲ ਆਧੁਨਿਕ ਬਣ ਰਹੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਖ਼ਤਰੇ, ਸੰਕਟ ਤੇ ਜੰਗ ਲਈ ਜਾਗਰੂਕ ਰਹਿਣਾ ਚਾਹੀਦਾ ਹੈ।
ਸ਼ੀ ਦੇ ਇਸ ਨਿਰਦੇਸ਼ ਨੂੰ ਸਾਲ 2019 ਦੌਰਾਨ ਆਪਣੀ ਫ਼ੌਜ ਲਈ ਪਹਿਲੇ ਹੁਕਮ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਪੂਰੇ ਸਾਲ ਹਥਿਆਰਬੰਦ ਫ਼ੌਜਾਂ ਦੀ ਸਿਖਲਾਈ ਨਾਲ ਜੁੜੇ ਇੱਕ ਹੁਕਮ 'ਤੇ ਵੀ ਦਸਤਖ਼ਤ ਕੀਤੇ। ਭਾਰਤ ਨਾਲ ਸਰਹੱਦ 'ਤੇ ਵਿਵਾਦ, ਦੱਖਣੀ ਚੀਨ ਸਾਗਰ ਵਿੱਚ ਕਈ ਦੇਸ਼ਾਂ ਨਾਲ ਲਗਾਤਾਰ ਸਮੁੰਦਰੀ ਖੇਤਰ ਬਾਰੇ ਵਿਵਾਦਾਂ ਦਰਮਿਆਨ ਜਿਨਪਿੰਗ ਦੇ ਇਸ ਬਿਆਨ ਨੇ ਚਰਚਾ ਛੇੜ ਦਿੱਤੀ ਹੈ।
ਹਾਲਾਂਕਿ, ਭਾਰਤ ਨਾਲ ਕੂਟਨੀਤਕ ਗੱਲਬਾਤ ਨੇ ਆਖਰਕਾਰ ਫ਼ੌਜਾਂ ਦਰਮਿਆਨ ਤਣਾਅ ਤਾਂ ਘਟਾ ਲਿਆ ਹੈ ਤੇ ਸਥਿਤੀ ਨੂੰ ਠੀਕ ਕਰਨ ਮਗਰੋਂ ਸੰਭਾਵਿਤ ਸੰਘਰਸ਼ ਦੀ ਸਥਿਤੀ ਟਲ ਗਈ ਹੈ। ਹੈਰਾਨੀ ਵਾਲੀ ਜਾਣਕਾਰੀ ਇਹ ਹੈ ਕਿ ਚੀਨੀ ਮੀਡੀਆ ਵੱਲੋਂ 'ਮਦਰ ਆਫ ਆਲ ਬਮ' ਯਾਨੀ ਐਮਓਏਬੀ ਦੇ ਪ੍ਰੀਖਣ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ, ਜਿਸ ਨੇ ਪੂਰੇ ਵਿਸ਼ਵ ਦਾ ਧਿਆਨ ਚੀਨ ਵੱਲ ਖਿੱਚਿਆ ਹੈ।
ਐਮਓਏਬੀ ਬੰਬ ਪ੍ਰਮਾਣੂੰ ਬੰਬ ਨਾਲੋਂ ਥੋੜ੍ਹਾ ਘੱਟ ਤਾਕਤਵਰ ਹੁੰਦਾ ਹੈ, ਪਰ ਬੇਹੱਦ ਮਾਰੂ ਹੁੰਦਾ ਹੈ। ਸ਼ੀ ਦੇ ਇਸ ਬਿਆਨ ਦੇ ਨਾਲ-ਨਾਲ ਚੀਨੀ ਮੀਡੀਆ ਦੀਆਂ ਅਜਿਹੀਆਂ ਰਿਪੋਰਟਾਂ ਕਿਸੇ ਸ਼ੁਭ ਸੰਕੇਤ ਵੱਲ ਇਸ਼ਾਰਾ ਨਹੀਂ ਕਰ ਰਹੇ ਜਾਪਦੇ।