ਲਾਹੌਰ:ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਨੇ ਪੁਲਿਸ ਨੂੰ ਸੱਤ ਸਾਲ ਦੀ ਬੱਚੀ ਦੀ ਜਬਰ ਜਨਾਹ ਮਗਰੋ ਹੱਤਿਆ ਕਰਨ ਵਾਲੇ ਨੂੰ 36 ਘੰਟੇ ਦੇ ਅੰਦਰ ਗਿ੍ਰਫਤਾਰ ਕਰਨ ਦਾ ਹੁਕਮ ਦਿੱਤਾ ਹੈ। ਹੈਵਾਨੀਅਤ ਦੀ ਇਸ ਘਟਨਾ ਨੇ ਪੂਰੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਹਾਈ ਕੋਰਟ ਦੇ ਚੀਫ ਜਸਟਿਸ ਸਈਅਦ ਮੰਸੂਰ ਅਲੀ ਸ਼ਾਹ ਨੇ ਸ਼ੁੱਕਰਵਾਰ ਨੂੰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਸ ਗੱਲ 'ਤੇ ਹੈਰਾਨ ਪ੍ਰਗਟ ਕੀਤੀ ਕਿ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ 'ਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ। ਇਸਦੇ ਬਾਵਜੂਦ ਕੋਈ ਵੀ ਮਾਮਲਾ ਕੋਰਟ ਤਕ ਨਹੀਂ ਪਹੁੰਚਿਆ।
ਉਨ੍ਹਾਂ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਜ਼ਿਲ੍ਹੇ 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਸਾਰੇ ਮਾਮਲਿਆਂ ਦਾ ਵੇਰਵਾ ਮੁਹੱਈਆ ਕਰਾਉਣ ਦਾ ਵੀ ਹੁਕਮ ਦਿੱਤਾ ਹੈ। ਕਸੂਰ ਜ਼ਿਲ੍ਹੇ 'ਚ ਪਿਛਲੇ ਇਕ ਸਾਲ 'ਚ ਇਸ ਤਰ੍ਹਾਂ ਦੀਆਂ 12 ਘਟਨਾਵਾਂ ਹੋ ਚੁੱਕੀਆਂ ਹਨ। ਚੀਫ਼ ਜਸਟਿਸ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਅਦਾਲਤ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕਰੇਗੀ।
ਯਾਦ ਰਹੇ ਕਿ ਇਕ ਸੀਰੀਅਲ ਕਿਲਰ ਨੇ ਪੰਜ ਜਨਵਰੀ ਨੂੰ ਬੱਚੀ ਨੂੰ ਉਸਦੇ ਘਰ ਦੇ ਨਜ਼ਦੀਕ ਤੋਂ ਅਗਵਾ ਕਰ ਲਿਆ ਸੀ। ਦਸ ਜਨਵਰੀ ਨੂੰ ਕੂੜੇ ਦੇ ਢੇਰ 'ਚ ਉਸਦੀ ਲਾਸ਼ ਮਿਲਣ ਦੇ ਬਾਅਦ ਕਸੂਰ ਸਮੇਤ ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਲੋਕਾਂ ਦੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।