ਢਾਕਾ  : ਬੰਗਲਾਦੇਸ਼ ਪੁਲਿਸ ਨੇ ਸ਼ੁੱਕਰਵਾਰ ਨੂੰ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦਫ਼ਤਰ ਤੋਂ ਕੁਝ ਦੂਰੀ 'ਤੇ ਇਕ ਇਮਾਰਤ 'ਚ ਲੁੱਕੇ ਸਨ।


ਰੈਪਿਡ ਐਕਸ਼ਨ ਬਟਾਲੀਅਨ (ਆਰਏਬੀ) ਦੇ ਡਾਇਰੈਕਟਰ ਜਨਰਲ ਬੇਨਜ਼ੀਰ ਅਹਿਮਦ ਨੇ ਦੱਸਿਆ ਕਿ ਮੁਕਾਬਲੇ ਪਿੱਛੋਂ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਇਮਾਰਤ ਦੀ ਪੰਜਵੀਂ ਮੰਜ਼ਿਲ 'ਤੇ ਮਿਲੀਆਂ। ਖ਼ੁਫ਼ੀਆ ਸੂਚਨਾ 'ਤੇ ਆਰਏਬੀ ਦੇ ਜਵਾਨਾਂ ਨੇ ਪੂਰੀ ਇਮਾਰਤ ਨੂੰ ਘੇਰ ਲਿਆ ਸੀ। ਅੱਤਵਾਦੀਆਂ ਨੇ ਆਤਮ ਸਮਰਪਣ ਕਰਨ ਲਈ ਕਹੇ ਜਾਣ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਸ 'ਚ ਦੋ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਇਸ ਦੇ ਬਾਅਦ ਪੁਲਿਸ ਨੇ ਇਮਾਰਤ ਦੇ ਮਾਲਕ ਸਹਿਤ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਕਾਰਵਾਈ ਸਮੇਂ ਸ਼ੇਖ ਹਸੀਨਾ ਆਪਣੇ ਦਫ਼ਤਰ 'ਚ ਸੀ ਜਾ ਨਹੀਂ।

ਇਸ ਇਮਾਰਤ ਤੋਂ ਪ੍ਰਧਾਨ ਮੰਤਰੀ ਦਫ਼ਤਰ ਦੀ ਦੂਰੀ ਮਹਿਜ਼ 500 ਮੀਟਰ ਹੈ। ਪੁਲਿਸ ਨੂੰ ਭਵਨ ਤੋਂ ਧਮਾਕਾਖੇਜ ਸਮੱਗਰੀ ਬਰਾਮਦ ਹੋਈ ਹੈ। ਜੁਲਾਈ 2016 'ਚ ਇਕ ਕੈਫ਼ੇ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਬੰਗਲਾਦੇਸ਼ ਪੁਲਿਸ ਅੱਤਵਾਦ ਵਿਰੋਧੀ ਮੁਹਿੰਮ ਚਲਾਉਂਦੀ ਰਹਿੰਦੀ ਹੈ। ਕੈਫ਼ੇ 'ਤੇ ਹਮਲੇ 'ਚ ਬੰਦੀ ਬਣਾਏ ਗਏ 20 ਲੋਕ ਮਾਰੇ ਗਏ ਸਨ। ਇਸ 'ਚ ਜ਼ਿਆਦਾਤਰ ਵਿਦੇਸ਼ੀ ਸਨ।