ਨਵੀਂ ਦਿੱਲੀ: ਉੱਘੇ ਲੇਖਕ, ਕਵੀ ਤੇ ਫ਼ਿਲਮ ਨਿਰਮਾਤਾ ਗੁਲਜ਼ਾਰ ਨੇ ਅਸਿੱਧੇ ਤੌਰ 'ਤੇ ਦੇਸ਼ ਦੇ ਮੌਜੂਦਾ ਰਾਜਨੀਤਕ ਦ੍ਰਿਸ਼ਟੀਕੋਣ ਲਈ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੀ ਟਿੱਪਣੀ ਕੀਤੀ ਹੈ। ਮੁੰਬਈ 'ਚ ਸਾਹਿਤਕ ਪੁਰਸਕਾਰ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਮੈਂ ਤੁਹਾਡੇ ਸਾਰਿਆਂ ਨੂੰ ਸੰਬੋਧਨ ਕਰਨ ਲਈ ‘ਦੋਸਤ’ ਕਹਿਣ ਜਾ ਰਿਹਾ ਸੀ, ਪਰ ਮੈਂ ਰੁਕ ਗਿਆ। ਜਦੋਂ ਮੇਰਾ ਦੋਸਤ ਯਸ਼ਵੰਤ (ਵਿਆਸ) ਮੈਨੂੰ ਮਿਲਣ ਲਈ ਦਿੱਲੀ ਆਇਆ ਤਾਂ ਮੈਂ ਡਰ ਗਿਆ। ਦਿੱਲੀ ਦੇ ਲੋਕ ਇਨ੍ਹੀਂ ਦਿਨੀਂ ਡਰੇ ਹੋਏ ਹਨ। ਕੋਈ ਨਹੀਂ ਜਾਣਦਾ ਕਿ ਉਹ ਨਵਾਂ ਕਾਨੂੰਨ ਕਦੋਂ ਲੈ ਆਉਣ।”


ਪ੍ਰਧਾਨ ਮੰਤਰੀ ਮੋਦੀ ਜਨਤਕ ਸਭਾਵਾਂ ਨੂੰ ਸੰਬੋਧਨ ਕਰਨ ਲਈ 'ਦੋਸਤ' ਸ਼ਬਦ ਦੀ ਵਰਤੋਂ ਕਰਦੇ ਹਨ ਤੇ ਯਸ਼ਵੰਤ ਵਿਆਸ ਦਿੱਲੀ ਦੇ ਸੀਨੀਅਰ ਪੱਤਰਕਾਰ ਹਨ। ਨਰੀਮਨ ਪੁਆਇੰਟ 'ਤੇ ਵਾਈਬੀ ਚਵਾਨ ਸੈਂਟਰ ਵਿਖੇ ਲੇਖਕਾਂ- ਗਿਆਨਰੰਜਨ ਤੇ ਭਲਚੰਦਰ ਨਮਦੇ ਨੂੰ ਸਨਮਾਨਿਤ ਕਰਨ ਲਈ ਕਰਵਾਏ ਸਮਾਰੋਹ 'ਚ ਮੁੱਖ ਮਹਿਮਾਨ ਗੁਲਜ਼ਾਰ ਸੀ।

ਇਸ ਸਮੇਂ ਭਾਰਤ 'ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਸਿਟੀਜ਼ਨਸ਼ਿਪ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ (ਐਨਆਰਸੀ) ਦੇ ਸਬੰਧ 'ਚ ਸਮਾਜਿਕ ਤੇ ਰਾਜਨੀਤਕ ਵਿਰੋਧਤਾ ਹੈ। ਗੁਲਜ਼ਾਰ ਨੇ ਕਿਹਾ ਕਿ ਇੱਕ ਲੇਖਕ ਨੂੰ ਹਮੇਸ਼ਾਂ ਸੱਚ ਬੋਲਣਾ ਚਾਹੀਦਾ ਹੈ। ਉਸ ਨੇ ਜ਼ੋਰ ਦੇ ਕੇ ਕਿਹਾ, "ਅਜੋਕੇ ਸਮੇਂ 'ਚ ਵੀ ਅਜਿਹੀ ਸਥਿਤੀ 'ਚ ਜੇ ਇੱਕ ਆਵਾਜ਼ ਹੋਵੇ ਤਾਂ ਇਹ ਸ਼ੁੱਧ ਹੈ। ਲੇਖਕ ਦੀ ਆਵਾਜ਼ ਸਪਸ਼ਟ ਤੇ ਸੱਚਾਈ ਹੈ। ਇਹ ਇੱਕ ਝੰਡੇ ਦੀ ਤਰ੍ਹਾਂ ਹੈ।"