ਕਰਤਾਰਪੁਰ ਲਾਂਘਾ: ਸਟੇਜ ’ਤੇ ਸੁਖਬੀਰ ਬਾਦਲ ਦੀ ਲੱਗੀ ਕੁਰਸੀ
ਉੱਧਰ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ ਤੋਂ ਆਪਣੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਦੇ ਨਾਮ ’ਤੇ ਟੇਪ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਦੀ ਸ਼ਰ੍ਹੇਆਮ ਉਲੰਘਣਾ ਹੋ ਰਹੀ ਹੈ ਜਿਸ ’ਤੇ ਉਪ ਰਾਸ਼ਟਰਪਤੀ ਦੇ ਦਫ਼ਤਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ।
ਗੁਰਦੁਆਰਾ ਸਾਹਿਬ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਤੇ ਗੋਬਿੰਦ ਸਿੰਘ ਲੌਂਗੋਵਾਲ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਸੁਖਬੀਰ ਸਿੰਘ ਬਾਦਲ ਵੀ ਪਹੁੰਚ ਜਾਣਗੇ।
ਪੰਡਾਲ ਵਿੱਚ ਸਿਰਫ 200 ਦੇ ਕਰੀਬ ਲੋਕ ਮੌਜੂਦ ਹਨ ਜੋ ਤਕਰੀਬਨ ਅਕਾਲੀ ਦਲ ਨਾਲ ਸਬੰਧਿਤ ਨਜ਼ਰ ਆ ਰਹੇ ਹਨ।
ਅਕਾਲੀ ਦਲ ਨੇ ਡੇਰਾ ਬਾਬਾ ਨਾਨਾਕ ਦੇ ਗੁਰਦੁਆਰਾ ਸਾਹਿਬ ਵਿੱਚ ਸਟੇਜ ਲਾ ਲਈ ਹੈ ਪਰ ਪੰਡਾਲ ਹਾਲੇ ਖ਼ਾਲੀ ਹੈ। ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੋਣ ਬਾਅਦ ਡੇਰਾ ਬਾਬਾ ਨਾਨਕ ਵਿੱਚ ਚੱਲ ਰਹੇ ਸਮਾਗਮਾਂ ’ਚ ਪੁੱਜਣਗੇ।
ਅੱਜ ਦੁਪਹਿਰ ਕਰੀਬ ਇੱਕ ਵਜੇ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਸਟੇਜ ’ਤੇ ਸੁਖਬੀਰ ਸਿੰਘ ਬਾਦਲ ਦੀ ਵੀ ਕੁਰਸੀ ਲਾਈ ਗਈ ਹੈ। ਅਕਾਲੀ ਦਲ ਤੇ ਕਾਂਗਰਸ ਦੀ ਖਿੱਚੋਤਾਣ ਕਰਕੇ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਘੱਟ ਦਿੱਸ ਰਿਹਾ ਹੈ।