ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ
ਗੁਰਦਾਸਪੁਰ ਲੋਕ ਸਭਾ ਹਲਕੇ ਦੀ ਵਕਾਰੀ ਜ਼ਿਮਨੀ ਚੋਣ ਲਈ ਵੋਟਾਂ ਪੈ ਰਹੀਆਂ ਹਨ। ਇਹ ਤਸਵੀਰਾਂ ਸਰਕਾਰੀ ਕੰਨਿਆ ਹਾਈ ਸਕੂਲ ਬੱਬੇਹਾਲੀ ਦੀਆਂ ਹਨ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਵੋਟ ਦੇਣ ਪਾਉਣ ਆ ਰਹੇ ਹਨ।
ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੀਵੀਪੈਟ ਮਸ਼ੀਨਾਂ ਰਾਹੀ ਵੋਟਾਂ ਪੈਣਗੀਆਂ।ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ ਪੰਜ ਵਜੇ ਤਕ ਪੈਣਗੀਆਂ। ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੋਵੇਗੀ ਅਤੇ ਉਸ ਦਿਨ ਹੀ ਨਤੀਜਾ ਐਲਾਨਿਆ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਮੁਤਾਬਿਕ ਜ਼ਿਲ੍ਹੇ ਵਿੱਚ ਕੁੱਲ 15 ਲੱਖ 17 ਹਜ਼ਾਰ 436 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਕਰੀਬ 8500 ਪੋਲਿੰਗ ਸਟਾਫ਼ ਤੇ 10500 ਪੁਲੀਸ ਤੇ ਅਰਧ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਪ੍ਰਸ਼ਾਸ਼ਨ ਮੁਤਾਬਿਕ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ 1781 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ।
ਤੀਜੀ ਧਿਰ ਆਪ ਨੇ ਫੌਜ ਦੇ ਇੱਕ ਸਾਬਕਾ ਜਰਨੈਲ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜੂਰੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕੁਲ 11 ਉਮੀਦਵਾਰ ਮੈਦਾਨ ਵਿੱਚ ਹਨ।
ਹੁਣ ਜਿਥੇ ਕਾਂਗਰਸ ਨੇ ਇੱਥੋਂ ਆਪਣਾ ਉਮੀਦਵਾਰ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਬਣਾਇਆ ਹੈ ਉੱਥੇ ਭਾਜਪਾ ਤੇ ਅਕਾਲੀ ਦਲ ਗੱਠਜੋੜ ਨੇ ਉਦਯੋਗਪਤੀ ਸਵਰਨ ਸਲਾਰੀਆ ਉੱਤੇ ਦਾਅ ਖੇਡਿਆ ਹੈ।
ਇਹ ਸੀਟ ਫਿਲਮ ਅਭਿਨੇਤਾ ਤੋਂ ਨੇਤਾ ਬਣੇ ਵਿਨੋਦ ਖੰਨਾਂ ਦੇ ਦੇਹਾਂਤ ਕਾਰਨ ਅਪਰੈਲ ਵਿੱਚ ਖਾਲੀ ਹੋਈ ਸੀ। ਉਹ ਇੱਥੇ ਭਾਜਪਾ ਦੇ ਲੋਕ ਸਭਾ ਮੈਂਬਰ ਸਨ।