ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ 'ਤੇ ਨਾਨਕੇ ਸ਼ਹਿਰ ਜਲੰਧਰ ਤੋਂ ਖਾਸ ਪੈਗਾਮ
ਉਮੀਦ ਕਰਦੇ ਹਾਂ ਕਿ ਪਾਕਿਸਤਾਨ ਦੇ ਨਵੇਂ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਉਨ੍ਹਾਂ ਬਜ਼ੁਰਗਾਂ ਦੀ ਸਾਰ ਜ਼ਰੂਰ ਲੈਣਗੇ ਜਿਨਾਂ ਦੀ ਆਖਰੀ ਖਾਹਿਸ਼ ਸਿਰਫ ਇੱਕ ਵਾਰ ਪਾਕਿਸਤਾਨ ਵਿਚਲਾ ਆਪਣਾ ਘਰ ਵੇਖਣ ਦੀ ਹੈ। ਦੋਹਾਂ ਮੁਲਕਾਂ ਦੀਆਂ ਸਰਕਾਰਾਂ ਜੇਕਰ ਵੀਜ਼ਾ ਨਿਯਮਾਂ ਵਿੱਚ ਬਜ਼ੁਰਗਾਂ ਨੂੰ ਥੋੜ੍ਹੀ ਢਿੱਲ ਦੇਣ ਤਾਂ ਮੁਲਕਾਂ ਦੀ ਵੰਡ ਵਿੱਚ ਤਬਾਅ ਲੋਕ ਆਪਣੀ ਮੌਤ ਤੋਂ ਪਹਿਲਾਂ ਇੱਕ ਵਾਰ ਆਪਣੀ ਮਿੱਟੀ ਨੂੰ ਜ਼ਰੂਰ ਚੁੰਮ ਸਕਣਗੇ। ਇਹੀ ਖਾਹਿਸ਼ ਤੇ ਉਮੀਦ ਪਾਕਿਸਤਾਨ ਦੀ ਵਾਗਡੋਰ ਸਾਂਭਣ ਵਾਲੇ ਇਮਰਾਨ ਖਾਨ ਤੋਂ ਹੈ।
ਜਲੰਧਰ: ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਨੂੰ ਇਸ ਖਾਸ ਮੌਕੇ ਨਾਨਕੇ ਸ਼ਹਿਰ ਜਲੰਧਰ ਦੇ ਲੋਕ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਯਾਦ ਕਰ ਰਹੇ ਹਨ। ਇਮਰਾਨ ਨੂੰ ਨਾਨਕਿਆਂ ਤੋਂ ਪੈਗਾਮ ਵੀ ਦਿੱਤੇ ਜਾ ਰਹੇ ਹਨ। ਜਲੰਧਰ ਦੇ ਬਸਤੀ ਦਾਨਿਸ਼ਮੰਦਾ ਵਿੱਚ ਆਬਾਦ ਇਮਰਾਨ ਦੇ ਨਾਨਕਿਆਂ ਦੀ ਕੋਠੀ ਦਾ ਨਾਂ ਅਮਾਨਤ ਮੰਜ਼ਲ ਹੈ। ਅੱਜਕੱਲ ਲੋਕ ਇਸ ਨੂੰ ਪੀਲੀ ਕੋਠੀ ਦੇ ਨਾਂ ਨਾਲ ਜਾਣਦੇ ਹਨ। ਵੰਡ ਤੋਂ ਪਹਿਲਾਂ ਇਮਰਾਨ ਦੀ ਮਾਂ ਸ਼ੌਕਤ ਖਾਨਮ ਆਪਣੇ ਪਰਿਵਾਰ ਨਾਲ ਇਸੇ ਘਰ ਵਿੱਚ ਰਿਹਾ ਕਰਦੀ ਸੀ। ਵੰਡ ਤੋਂ ਬਾਅਦ ਪਰਿਵਾਰ ਪਾਕਿਸਤਾਨ ਚਲਾ ਗਿਆ ਤੇ ਇਮਰਾਨ 25 ਨਵੰਬਰ, 1952 ਨੂੰ ਲਾਹੌਰ ਵਿੱਚ ਪੈਦਾ ਹੋਏ।
ਪਾਕਿਸਤਾਨ ਤੋਂ ਆਏ ਮਲੂਕ ਚੰਦ ਦਾ ਘਰ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਨਿਰੰਜਣੀ ਵਿੱਚ ਹੁੰਦਾ ਸੀ। ਉਹ ਕਹਿੰਦੇ ਹਨ ਲੋਕਾਂ ਨੂੰ ਇਮਰਾਨ 'ਤੇ ਯਕੀਨ ਤਾਂ ਹੈ ਪਰ ਵੇਖੋ ਕੀ ਹੁੰਦਾ ਹੈ। ਉਨ੍ਹਾਂ ਇਮਰਾਨ ਦੇ ਨਾਂ ਪੈਗਾਮ ਦਿੱਤਾ ਕਿ ਸਾਡੇ ਵਰਗੇ ਬਜ਼ੁਰਗਾਂ ਲਈ ਉੱਥੇ ਜਾਣਾ ਥੌੜਾ ਸੌਖਾ ਕਰ ਦੇਣ। ਜੇਕਰ ਕੋਈ ਬਜ਼ੁਰਗ ਆਪਣਾ ਘਰ ਵੇਖਣ ਉੱਧਰ ਜਾਵੇ ਤਾਂ ਉਸ ਦੇ ਰਾਤ ਦੋ ਰਾਤਾਂ ਰਹਿਣ ਦਾ ਬੰਦੋਬਸਤ ਹੋਵੇ। ਮਲੂਕ ਚੰਦ ਇਮਰਾਨ ਨੂੰ ਵੀ ਸੱਦਾ ਦਿੰਦੇ ਹਨ ਕਿ ਉਹ ਵੀ ਇੱਧਰ ਆ ਕੇ ਆਪਣਾ ਘਰ ਵੇਖਣ ਤੇ ਸਾਨੂੰ ਵੀ ਉੱਧਰ ਜਾਣ ਦਾ ਮੌਕਾ ਦੇਣ।
ਇਮਰਾਨ ਦੀ ਨਾਨੀ ਦੇ ਘਰ ਦੇ ਨੇੜੇ-ਤੇੜੇ ਹੁਣ ਜ਼ਿਆਦਾਤਰ ਪਾਕਿਸਤਾਨ ਤੋਂ ਉਜੜ ਕੇ ਆਏ ਲੋਕ ਰਹਿੰਦੇ ਹਨ। 78 ਸਾਲ ਦੇ ਬੁਲੰਦ ਸਿੰਘ ਲਾਹੌਰ ਤੋਂ ਆ ਕੇ ਇੱਥੇ ਵੱਸੇ ਹਨ। ਬੁਲੰਦ ਸਿੰਘ ਦਾ ਕਹਿਣਾ ਹੈ ਕਿ ਉੱਧਰੋਂ ਤਾਂ ਲੋਕ ਆਉਂਦੇ ਰਹਿੰਦੇ ਹਨ ਪਰ ਇੱਧਰ ਦੇ ਲੋਕਾਂ ਨੂੰ ਇਜਾਜ਼ਤ ਨਹੀਂ ਮਿਲਦੀ। ਸਿਰਫ ਗੁਰਦੁਆਰਿਆਂ ਤੱਕ ਹੀ ਜਾਣ ਦਿੰਦੇ ਹਨ। ਉਨ੍ਹਾਂ ਇਮਰਾਨ ਲਈ ਪੈਗਾਮ ਦਿੱਤਾ ਕਿ ਜਿਹੜੇ ਲੋਕ ਇਧਰੋਂ ਗਏ ਜਾਂ ਉੱਧਰੋਂ ਆਏ ਉਨਾਂ ਨੂੰ ਖੁਲ੍ਹ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਜੱਦੀ ਘਰ ਆਖਰੀ ਵਾਰ ਤਾਂ ਵੇਖ ਸਕਣ।
ਬਸਤੀ ਦਾਨਿਸ਼ਮੰਦਾ ਦੇ ਸਭ ਤੋਂ ਬਜ਼ੁਰਗ ਗੁਰਬਚਨ ਸਿੰਘ 90 ਸਾਲ ਦੇ ਹਨ। ਬਜ਼ੁਰਗ ਗੁਰਬਚਨ ਸਿੰਘ ਦੀ ਆਖਰੀ ਖਾਹਿਸ਼ ਵੀ ਇਹੀ ਹੈ ਕਿ ਉਹ ਇੱਕ ਵਾਰ ਪਾਕਿਸਤਾਨ ਜਾ ਕੇ ਆਪਣਾ ਘਰ ਵੇਖਣਾ ਚਾਹੁੰਦੇ ਹਨ। ਕਹਿੰਦੇ ਹਨ ਇਮਰਾਨ ਜਦੋਂ ਪ੍ਰਧਾਨ ਮੰਤਰੀ ਬਣ ਜਾਣਗੇ ਤਾਂ ਮੈਂ ਵੇਖਾਂਗਾ ਉੱਧਰ ਜਾਣ ਲਈ। ਜੇ ਉਹ ਇੱਧਰ ਆਉਂਦੇ ਹਨ ਤਾਂ ਮੈਂ ਉਨਾਂ ਨੂੰ ਉਨ੍ਹਾਂ ਦੇ ਨਾਨਕੇ ਘਰ ਲੈ ਕੇ ਜਾਵਾਂਗਾ।
ਬਸਤੀ ਦਾਨਿਸ਼ਮੰਦਾ ਵਿੱਚ ਹੀ ਰਹਿਣ ਵਾਲੇ 81 ਸਾਲ ਦੇ ਫਕੀਰ ਚੰਦ ਨੇ ਆਪਣੇ ਬਜ਼ੁਰਗਾਂ ਤੋਂ ਇਸ ਘਰ ਬਾਰੇ ਕਈ ਕਹਾਣੀਆਂ ਸੁਣੀਆਂ ਹਨ। ਉਹ ਇਮਰਾਨ ਖਾਨ ਦੇ ਪਰਿਵਾਰ ਨੂੰ ਯਾਦ ਕਰਦਿਆਂ ਕਾਫੀ ਕੁਝ ਦੱਸਦੇ ਹਨ। ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੋਵਾਂ ਮੁਲਕਾਂ ਦੀ ਆਪਸੀ ਸਾਂਝ ਹੋਰ ਵਧਣ ਦੀ ਉਮੀਦ ਕਰਦੇ ਹਨ। ਫਕੀਰ ਚੰਦ ਇਮਰਾਨ ਨੂੰ ਜਲੰਧਰ ਆ ਕੇ ਆਪਣੇ ਨਾਨਕੇ ਵੇਖਣ ਦਾ ਸੱਦਾ ਵੀ ਦਿੰਦੇ ਹਨ। ਇਹ ਵੀ ਵਾਅਦਾ ਕਰਦੇ ਹਨ ਕਿ ਉਹ ਇਮਰਾਨ ਨੂੰ ਪੂਰੇ ਮੁਹੱਲੇ ਵਿੱਚ ਘੁਮਾਉਣਗੇ।