ਪੂਰੇ ਪੰਜਾਬ ’ਚ ਰਹੇਗਾ ਚੱਕਾ ਜਾਮ, ਸਫ਼ਰ ਕਰਨ ਤੋਂ ਕਰਿਓ ਗੁਰੇਜ਼
ਇਸ ਮੌਕੇ ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰ ਨੇ ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ, ਇਸ ਲਈ ਪੰਜਾਬ ਰੋਡਵੇਜ਼ ਮੁਲਾਜ਼ਮ 8 ਤੇ 9 ਜਨਵਰੀ ਨੂੰ ਪੂਰੇ ਸੂਬੇ ਵਿੱਚ 2 ਦਿਨਾਂ ਦੀ ਹੜਤਾਲ ਕਰਨਗੇ। ਇਨ੍ਹਾਂ ਦੋ ਦਿਨਾਂ ਅੰਦਰ ਪੰਜਾਬ ਭਰ ਵਿੱਚ ਰੋਡਵੇਜ਼ ਬੱਸਾਂ ਦਾ ਚੱਕਾ ਜਾਮ ਰਹੇਗਾ। ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਮੁਲਾਜ਼ਮ ਜ਼ਰੂਰੀ ਸੇਵਾਵਾਂ ਦੀਆਂ ਦਰਾਂ ਵਿੱਚ ਰਿਕਾਰਡ ਵਾਧਾ ਰੋਕਣ, ਮੁਲਾਜ਼ਮਾਂ ਨੂੰ ਘੱਟੋ-ਘੱਟ 600 ਰੁਪਏ ਪ੍ਰਤੀ ਦਿਨ ਮਜ਼ਦੂਰੀ ਦੇ ਹਿਸਾਬ ਨਾਲ 18 ਹਜ਼ਾਰ ਮਹੀਨਾ ਤਨਖ਼ਾਹ ਦੇਣ ਤੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕਰਨ ਦੀ ਮੰਗ ਕਰ ਰਹੇ ਹਨ।
ਮੁਲਾਜ਼ਮਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਵੀ ਮੁਲਾਜ਼ਮਾਂ ਵੱਲ ਨਾਕਾਰਤਮਕ ਰਵੱਈਆ ਦਿਖਾ ਰਹੇ ਹਨ। ਨਾ ਤਾਂ ਮੁਲਾਜ਼ਮਾਂ ਦੀ ਸੁਣੀ ਜਾ ਰਹੀ ਹੈ ਤੇ ਨਾ ਹੀ ਮਹਿਕਮੇ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਮੁਲਾਜ਼ਮ ਟਰਾਂਸਪੋਰਟ ਮੰਤਰੀ ਬਦਲਣ ਦੀ ਵੀ ਮੰਗ ਕਰ ਰਹੇ ਹਨ।
ਦਰਅਸਲ ਮੁਲਾਜ਼ਮ ਸਰਕਾਰੀ ਬੱਸਾਂ ਦਾ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਕਰ ਰਹੇ ਹਨ। ਤਿੰਨ ਸਾਲਾਂ ਤੋਂ ਠੇਕੇ ’ਤੇ ਰੱਖੇ ਹੋਏ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਿਆਂ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਊਟਸੋਰਸਿੰਗ ਸਿਸਟਮ ਦਾ ਕੰਮ ਕਰਦੇ ਮੁਲਾਜ਼ਮਾਂ ਨੂੰ ਕਾਨਟ੍ਰੈਕਟ ਦੇ ਆਧਾਰ ’ਤੇ ਰੱਖਣ ਲਈ ਕਿਹਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 8 ਤੇ 9 ਜਨਵਰੀ ਨੂੰ ਮੁਲਾਜ਼ਮ ਪੰਜਾਬ ਭਰ ਵਿੱਚ ਰੋਡਵੇਜ਼ ਬੱਸਾਂ ਦਾ ਚੱਕਾ ਜਾਮ ਕਰਨਗੇ। ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕੇਦਾਰੀ ਸਿਸਟਮ ਬੰਦ ਕਰ ਦੇ ਨਾਲ-ਨਾਲ ਟਰਾਂਸਪੋਰਟ ਮੰਤਰੀ ਬਦਲਣ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਰੋਪੜ: ਅੱਜ ਪੂਰੇ ਪੰਜਾਬ ਵਿੱਚ ਰੋਡਵੇਜ਼ ਮੁਲਾਜ਼ਮਾਂ ਨੇ ‘ਗੇਟ ਰੈਲੀਆਂ’ ਕੀਤੀਆਂ। ਰੋਪੜ ਵਿੱਚ ਪੰਜਾਬ ਰੋਡਵੇਜ਼ ਡਿਪੂ ਦੇ ਗੇਟ ’ਤੇ ਵੀ ਰੋਡਵੇਜ਼ ਮੁਲਾਜ਼ਮਾਂ ਨੇ ਗੇਟ ਰੈਲੀ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ।