ਸੋਰਠਿ ਮਹਲਾ ੫॥
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥
ਪੰਜਾਬੀ ਵਿਆਖਿਆ:
ਸੋਰਠਿ ਮਹਲਾ ੫॥
ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ । ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।੧। ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ, ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ ।ਰਹਾਉ। ਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ । ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ ।੨।੨੫।੮੯।