ਪੰਜਾਬੀ ਵਿਆਖਿਆ:

Continues below advertisement

ਸੋਰਠਿ ਮਹਲਾ 3

ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ ਜੀਵ, ਤੇਰੇ ਦਰ ਦੇ ਮੰਗਤੇ ਹਾਂ, ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈਂ, ਮੇਹਰ ਕਰ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼।1।ਹੇ ਪਿਆਰੇ ਪ੍ਰਭੂ ਜੀ ! ਮੇਰੇ ਉਤੇ ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਮੈਨੂੰ ਦੇਹ। ਰਹਾਉ।ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ, ਨਾਮ ਦੀ ਬਰਕਤਿ ਨਾਲ ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ।

Continues below advertisement

ਹੇ ਭਾਈ ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ। ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ, ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।2। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਵਲੋਂ ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।3। ਹੇ ਭਾਈ! ਦਾਤਾਰ ਨੇ ਨਾਮ ਦੀ ਇਹ ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਇਥੇ ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।4।11।