ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੧੫ ਜੇਠ (ਸੰਮਤ ੫੫੪ ਨਾਨਕਸ਼ਾਹੀ) ਅੰਗ ੫੩੧
Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 15th Jeth (Samvat 554 Nanakshahi) 28-May-2022 Ang 531
ਦੇਵਗੰਧਾਰੀ ੫ ॥ ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥
ਪਦਅਰਥ: ਮਾਈ = ਹੇ ਮਾਂ! ਤਾ ਕੋ ਆਇਆ ਸਫਲ = ਜਗਤ ਵਿਚ ਉਸ ਦਾ ਆਉਣਾ ਕਾਮਯਾਬ ਹੋ ਜਾਂਦਾ ਹੈ। ਲਿਵ = ਲਗਨ ।੧।ਰਹਾਉ। ਸੁਘੜੁ = ਸੁਚੱਜਾ। ਸੂਰੁ = ਸੂਰਮਾ। ਬੇਤਾ = ਗਿਆਨਵਾਨ। ਸਾਧੂ = ਗੁਰੂ। ਸੰਗੁ = ਸਾਥ। ਉਚਾਰੁ ਕਰੇ = ਉਚਾਰਨ ਕਰਦਾ ਹੈ। ਰਸਨਾ = ਜੀਭ (ਨਾਲ। ਬਹੁੜਿ = ਮੁੜ। ਧਾਵੈ = ਭਟਕਦਾ ।੧। ਰਵਿਆ = ਹਰ ਵੇਲੇ ਮੌਜੂਦ। ਆਨ = ਕੋਈ ਹੋਰ। ਜਨ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ। ਜਿਸੁ ਲੜਿ = ਜਿਸ ਮਨੁੱਖ ਨੂੰ ਸੰਤ ਜਨਾਂ ਦੇ ਲੜ ਨਾਲ ।੨।
ਅਰਥ: ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ ।੧।ਰਹਾਉ। ਹੇ ਮਾਂ! ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ, ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ।੧। ਹੇ ਨਾਨਕ! ਆਖ-) ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਉਸ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ, ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ ।੨।੧੪।