Guru Hargobind Singh Ji: ਸਿੱਖ ਧਰਮ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ’ ਬੰਦੀ ਛੋੜ ਦਾਤਾ, ਮੀਰੀ ਪੀਰੀ ਦੇ ਮਾਲਕ ਆਦਿ ਕਈ ਨਾਵਾਂ ਦੇ ਨਾਲ ਸਤਿਕਾਰਿਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ ਹੈ।
ਇਤਿਹਾਸ ਦੱਸਦਾ ਹੈ ਕਿ ਸਮੇਂ ਦੀ ਨਿਜ਼ਾਕਤ ਨੂੰ ਵੇਖਦਿਆ ਆਪ ਜੀ ਦੇ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਰਿਹਾਇਸ਼ ਗੁਰੂ ਕੀ ਵਡਾਲੀ ਵਿਖੇ ਤਬਦੀਲ ਕਰ ਲਈ ਜਿੱਥੇ ਆਪ ਜੀ ਦਾ ਪ੍ਰਕਾਸ਼ 1595 ਈ ਨੂੰ ਹੋਇਆ। ਪੰਚਮ ਪਾਤਸ਼ਾਹ ਦੀ ਸ਼ਹਾਦਤ ਕਾਰਨ ਬਾਲ ਗੁਰੂ ਹਰਗੋਬਿੰਦ ਜੀ 11 ਸਾਲ ਦੀ ਉਮਰ ਵਿੱਚ 1606 ਈ ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤ੍ਰਧਾਰੀ ਹੋ ਕੇ ਗੁਰਗੱਦੀ ਤੇ ਬੈਠਣ ਦਾ ਆਦੇਸ਼ ਕੀਤਾ ਸੀ। ਸੇਲੀ ਟੋਪੀ ਦੀ ਥਾਂ ਆਪ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਰਾਜਸੀ ਸ਼ਕਤੀ ਦਾ ਸੂਚਕ ਹੈ ਜਦਕਿ ਪੀਰੀ ਅਧਿਆਤਮਵਾਦੀ ਰਹੱਸਵਾਦ ਦਾ ਸੂਚਕ ਇਸ ਤਰ੍ਹਾਂ ਸਿੱਖ ਧਰਮ ਵਿਚ ਇਹ ਸਿਧਾਂਤ ਭਗਤੀ ਤੇ ਸ਼ਕਤੀ ਦਾ ਸੂਮੇਲ ਹੈ।
ਮਨੁੱਖਤਾ ਦੇ ਇਤਿਹਾਸ ਵਿੱਚ ਮੀਰ ਦੀ ਤਲਵਾਰ ਜ਼ਰ,ਜ਼ੋਰੂ ਤੇ ਜ਼ਮੀਨ ਲਈ ਉੱਠੀ ਤੇ ਪੀਰ ਦੀ ਤਲਵਾਰ ਦੂਜਿਆਂ ਦੇ ਧਰਮ ਨੂੰ ਮਾਰ ਮਕਾਉਣ ਲਈ ਵਰਤੀ ਜਾਂਦੀ ਰਹੀ ਪਰ ਗੁਰੂ ਸਾਹਿਬ ਨੇ ਇਤਿਹਾਸ ਦੇ ਵਿਚ ਪਹਿਲੀ ਵਾਰ ਤਲਵਾਰ ਦੀ ਮਾਰੂ ਸ਼ਕਤੀ ਨੂੰ ਉਸਾਰੂ ਸ਼ਕਤੀ ਵਿਚ ਤਬਦੀਲ ਕੀਤਾ। ਇਸ ਤਰ੍ਰਾ ਛੇਵੇਂ ਪਾਤਸ਼ਾਹ ਵਲੋਂ ਸਿੱਖਾਂ ਨੂੰ ਚੰਗੇ ਸ਼ਸਤ੍ਰ ਤੇ ਵਧੀਆਂ ਘੋੜੇ ਗੁਰੂ ਦਰਬਾਰ ਵਿਚ ਭੇਜਣ ਤੇ ਖੁਦ ਵੀ ਸ਼ਸਤ੍ਰਧਾਰੀ ਰਹਿਣ ਲਈ ਹੁਕਮਨਾਮੇੁ ਜਾਰੀ ਕੀਤੇ।
ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੀ ਮਦਦ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾਂ ਕੀਤੀ। ਸਰੀਰਕ ਬਲਵਾਨਤਾ ਦੇ ਨਾਲ ਨਾਲ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਣ ਲੱਗੀਆਂ ਇਤਿਹਾਸ ਅਨੁਸਾਰ ਭਾਵੇਂ ਆਪ ਦੇ ਸਬੰਧ ਜਹਾਂਗੀਰ ਦੇ ਨਾਲ ਬਹੁਤ ਹੀ ਮਿਤਰਤਾ ਵਾਲੇ ਸਨ ਪ੍ਰੰਤੂ ਫਿਰ ਵੀ ਆਪ ਨੇ ਸੈਨਿਕ ਸ਼ਕਤੀ ਨੂੰ ਮਜਬੂਤ ਕਰਨ ਦੇ ਲਈ ਪੂਰਾ ਪੂਰਾ ਧਿਆਨ ਦਿੱਤਾ ਆਪ ਪਾਸ 300 ਘੋੜ ਸਵਾਰ ਤੇ ਅਸਤਬਲ ਵਿਚ 800 ਘੋੜੇ ਸਨ ਤੇ 60 ਮਿਸ਼ਾਲਚੀ ਹਰ ਸਮੇਂ ਆਪ ਜੀ ਦੇ ਹੁਕਮ ਵਿਚ ਹਾਜ਼ਰ ਰਹਿੰਦੇ ਸਨ। ਗੁਰੂ ਸਾਹਿਬ ਹਰੇਕ ਦੁਖੀ ਲੋੜਵੰਦ ਤੇ ਧ੍ਰਿਕਾਰੇ ਹੋਏ ਨੂੰ ਸ਼ਰਨ ਦੇ ਵਿਚ ਜਗ੍ਹਾ ਦਿੰਦੇ ਸਨ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਣ ਕਾਲ ਦੇ ਵਿੱਚ ਚਾਰ ਜੰਗਾ ਲੜੀਆਂ ਤੇ ਚੋਹਾਂ ਜੰਗਾਂ ਦੇ ਜਰਨੈਲਾਂ ਨੂੰ ਆਪਣੇ ਹੱਥੀਂ ਮੌਤ ਦੇ ਘਾਟ ਉਤਾਰਿਆ। ਇਨ੍ਹਾਂ ਚਹੁੰਆਂ ਜੰਗਾ ਵਿੱਚ ਆਪ ਨੂੰ ਆਪਣੀ ਰੱਖਿਆ ਲਈ ਲੜਨਾ ਪਿਆ ਤੇ ਇਹ ਜੰਗ ਰਾਜਸੀ ਨਾ ਹੋਕੇ ਧਰਮ ਯੁੱਧ ਸੀ। ਗੁ੍ਰਰੂ ਸਾਹਿਬ ਨੇ ਆਪਣੇ ਆਖਰੀ ਦਸ ਸਾਲ ਕੀਰਤਪੁਰ ਸਾਹਿਬ ਵਿਖੇ ਬਿਤੀਤ ਕੀਤੇ।
ਆਪ ਰੌਜ਼ਾਨਾ ਦੇ ਜੀਵਨ ਵਿਚ ਉਹਨਾਂ ਗੁਣਾ ਤੇ ਅਮਲ ਕਰਨ ਦੇ ਹੱਕ ਵਿਚ ਸਨ, ਜਿਹੜੇ ਹਰ ਥਾਂ ਰੱਬ ਦੀ ਸਰਵਵਿਆਪਕਤਾ ਦੀ ਭਾਵਨਾ ਵਿਚੋਂ ਪੈਦਾ ਹੋਏ ਸਨ। ਐਸੇ ਦੀਨ ਦਯਾਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੁ ਗੁਰਗੱਦੀ ਦਿਵਸ ਦੇ ਮੌਕੇ ਤੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ।