Amritsar News : ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ 199 ਭਾਰਤੀ ਮਛੇਰੇ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਮਛੇਰੇ ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਆਦਿ ਰਾਜਾਂ ਨਾਲ ਸੰਬੰਧਿਤ ਹਨ। ਇਨ੍ਹਾਂ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਲਾਂਡੀ ਜੇਲ੍ਹ ਵਿਚ 4 ਤੋਂ 5 ਸਾਲ ਦੀ ਸਜ਼ਾ ਭੁਗਤੀ ਹੈ। 

 

ਇਨ੍ਹਾਂ ਮਛੇਰਿਆਂ ਨੇ ਦੱਸਿਆ ਕਿ ਮਛਲੀਆਂ ਫ਼ੜ੍ਹਦੇ ਸਮੇਂ ਉਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ ਦੀਆਂ ਲਹਿਰਾਂ ਵਿਚ ਵਹਿ ਕੇ ਪਾਕਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਗਈਆਂ ਸਨ, ਜਿਸ ਕਾਰਨ ਪਾਕਿਸਤਾਨ ਸਮੁੰਦਰ ਤੱਟ ਸੈਨਾ ਨੇ ਉਨ੍ਹਾਂ ਨੂੰ ਫੜ ਲਿਆ ਸੀ। ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਦੀ ਸਜ਼ਾ ਪੂਰੀ ਹੋਣ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਹੋਏ ਮਛੇਰਿਆਂ ਨੂੰ ਪਾਕਿਸਤਾਨ ਸਤਲੁਜ ਰੇਂਜਰ ਦੇ ਡਿਪਟੀ ਸੁਪਰਡੈਂਟ ਨੇ ਬੀ.ਐਸ.ਐਫ਼. ਦੀ 144 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਦੇ ਹਵਾਲੇ ਕਰ ਦਿੱਤਾ। 

 


 

ਇਸ ਮੌਕੇ ਪੀ.ਆਰ.ਓ. ਅਰੁਣ ਕੁਮਾਰ ਅਤੇ ਨਾਇਬ ਤਹਿਸੀਲਦਾਰ ਅਟਾਰੀ ਅਜੇ ਕੁਮਾਰ ਨੇ ਮਛੇਰਿਆਂ ਦੀ ਇੰਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਪੂਰੀ ਕਰਵਾਉਣ ਤੋਂ ਬਾਅਦ ਗੁਜਰਾਤ ਤੋਂ ਆਈ ਚਾਰ ਮੈਂਬਰੀ ਫਿਸ਼ਰਮੈਨ ਡਿਪਾਰਟਮੈਂਟ ਦੀ ਟੀਮ ਅਤੇ 15 ਮੈਂਬਰੀ ਗੋਆ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ ਹੈ। ਮਛੇਰਿਆਂ ਨੂੰ 4 ਬੱਸਾਂ ਰਾਹੀਂ ਅੰਮ੍ਰਿਤਸਰ ਗੁਰੂ ਤੇਗ ਬਹਾਦਰ ਸਰਾਂ ਵੱਲ ਰਵਾਨਾ ਕਰ ਦਿੱਤਾ ਗਿਆ ਹੈ।

 


 

ਦੱਸ ਦੇਈਏ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਇੱਕ ਭਾਰਤੀ ਕੈਦੀ ਦੀ ਮੌਤ ਤੋਂ ਬਾਅਦ ਬੀਤੇ ਕੱਲ ਖ਼ਬਰ ਆਈ ਸੀ ਕਿ ਪਾਕਿਸਤਾਨ ਸਰਕਾਰ 199 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦੀ ਤਿਆਰੀ ਕਰ ਰਹੀ ਹੈ। ਸਦਭਾਵਨਾ ਦੇ ਇਸ਼ਾਰੇ ਵਜੋਂ ਪਾਕਿਸਤਾਨ ਸਰਕਾਰ ਇਨ੍ਹਾਂ ਭਾਰਤੀ ਮਛੇਰਿਆਂ ਨੂੰ ਜੇਲ੍ਹ ਤੋਂ ਰਿਹਾਅ ਕਰੇਗੀ। ਇਨ੍ਹਾਂ ਕੈਦੀਆਂ ਨੂੰ ਕਰਾਚੀ ਜੇਲ੍ਹ ਤੋਂ ਲਾਹੌਰ ਭੇਜਿਆ ਜਾਵੇਗਾ ਅਤੇ ਲਾਹੌਰ ਤੋਂ ਇਹ ਕੈਦੀ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤਣਗੇ।