Firozpur news: ਪੰਜਾਬ 'ਚ ਦਿਨੋ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਨਵਾਂ ਮਾਮਲਾ ਫਿਰੋਜ਼ਪੁਰ ਤੋਂ ਆਇਆ ਹੈ। ਪੁਲਿਸ ਵੱਲੋਂ ਫਲੈਗ ਮਾਰਚ ਕੱਢਣ, ਨਾਕਾਬੰਦੀ ਅਤੇ ਗਸ਼ਤ ਦੇ ਬਾਵਜੂਦ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਚੋਰਾਂ ਅਤੇ ਲੁਟੇਰਿਆਂ 'ਚੋਂ ਪੁਲਿਸ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਫਿਰੋਜ਼ਪੁਰ ਵਿੱਚ ਦਿਨ ਦਿਹਾੜੇ 3 ਹਥਿਆਰਬੰਦ ਨਕਾਬਪੋਸ਼ ਲੁਟੇਰੇ ਏ.ਐੱਸ.ਆਈ. ਦੇ ਦੀ ਕੋਠੀ ਵਿਚ ਦਾਖ਼ਲ ਹੋਏ ਪਿਸਤੌਲ ਅਤੇ ਚਾਕੂ ਦੀ ਨੋਕ 'ਤੇ ਔਰਤਾਂ ਅਤੇ ਬੱਚਿਆਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਅਤੇ 25-30 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।


ਪੰਜਾਬ ਪੁਲਿਸ ਮੁਲਾਜ਼ਮ ਦਾ ਘਰ ਬਣਿਆ ਲੁੱਟ ਦਾ ਸ਼ਿਕਾਰ


ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦਾ ASI ਗੁਰਜੀਤ ਸਿੰਘ ਅਤੇ ਉਸ ਦਾ ਭਰਾ ਬਲਜੀਤ ਸਿੰਘ ਐਕਸਾਈਜ਼ ਇੰਸਪੈਕਟਰ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਬਾਬਾ ਰਾਮ ਲਾਲ ਜੀ ਨੇੜੇ ਸਥਿਤ ਬਾਬਾ ਐਨਕਲੇਵ 'ਚ ਰਹਿੰਦੇ ਹਨ। ਬੀਤੇ ਦਿਨ ਜਦੋਂ ਉਹ ਘਰ ਨਹੀਂ ਸੀ ਤਾਂ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ 3 ਨਕਾਬਪੋਸ਼ ਹਥਿਆਰਬੰਦ ਲੁਟੇਰੇ ਆਏ। ਇਹ ਲੁਟੇਰੇ ਬਿਨਾਂ ਨੰਬਰੀ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਆਏ ਅਤੇ ਆਉਂਦਿਆਂ ਹੀ ਘਰ ਦੀਆਂ ਔਰਤਾਂ ਅਤੇ ਬੱਚਿਆਂ 'ਤੇ ਪਿਸਤੌਲ ਅਤੇ ਚਾਕੂ ਤਾਣ ਦਿੱਤੇ ਤੇ ਕਹਿਣ ਲੱਗੇ ਕਿ ਘਰ ਵਿੱਚ ਜੋ ਵੀ ਹੈ ਸਾਨੂੰ ਦੇ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਾਰ ਦੇਵਾਂਗੇ। ਉਨ੍ਹਾਂ ਨੇ ਸਾਰਿਆਂ ਨੂੰ ਘਰ ਵਿੱਚ ਬੰਧਕ ਬਣਾ ਲਿਆ ਸੀ। ਲੁਟੇਰੇ ਘਰ 'ਚ ਪਈ ਸਾਰੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਦੇ ਆਉਣ-ਜਾਣ ਦੀ ਸਾਰੀ ਘਟਨਾ ਆਸ-ਪਾਸ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ।


ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲੁੱਟ ਦੀ ਵਾਰਦਾਤ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ।  ਥਾਣਾ ਸਦਰ ਫਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਨੂੰ ਫੜਨ ਲਈ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਲੁਟੇਰਿਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।ਅਜਿਹੀਆਂ ਵਰਦਾਤਾਂ ਚਿੰਤਾ ਦਾ ਵਿਸ਼ਾ ਨੇ, ਜਦੋਂ ਪੁਲਿਸ ਵਾਲਿਆਂ ਦੇ ਘਰ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ।