Jalandhar Lok Sabha Bypoll Election Result 2023:  ਜਲੰਧਰ ਲੋਕ ਸਭਾ ਜ਼ਿਮਨੀ ਸੀਟ ਨੂੰ ਲੈ ਕੇ 10 ਮਈ ਨੂੰ ਵੋਟਿੰਗ ਹੋਈ ਸੀ ਜਿਸ ਦੇ ਨਤੀਜੇ ਅੱਜ ਆਉਣਗੇ। ਜਿਸ 'ਤੇ ਜਲੰਧਰ ਦੇ ਨਾਲ-ਨਾਲ ਸਾਰੇ ਸੂਬੇ ਦੇ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਪਾਰਟੀਆਂ ਵੱਲੋਂ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰਾ ਲਗਾਇਆ ਹੋਇਆ ਸੀ, ਜੋ ਕਿ ਜਨਤਾ ਨੂੰ ਚੋਣ ਪ੍ਰਚਾਰ ਦੌਰਾਨ ਦੇਖਣ ਨੂੰ ਮਿਲਿਆ। 


ਅੱਜ ਹੋਵੇਗਾ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ


ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਵੋਟਿੰਗ 10 ਮਈ ਨੂੰ ਹੋਈ ਸੀ ਜਿਸ ਵਿਚ 19 ਉਮੀਦਵਾਰਾਂ ਨੇ ਆਪਣੀ ਕਿਸਮਤ ਆਜ਼ਮਾਈ ਸੀ। ਅੱਜ ਇਹ ਫੈਸਲਾ ਹੋਵੇਗਾ ਕਿ ਜਲੰਧਰ ਦੀ ਜਨਤਾ ਨੇ ਕਿਸ ਨੇਤਾ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ 13 ਮਈ ਨੂੰ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ ਸਵੇਰੇ 7.30 ਵਜੇ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਅਤੇ ਸਪੋਰਟਸ ਕਾਲਜ ਕੰਪਲੈਕਸ ਕਪੂਰਥਲਾ ਰੋਡ ਵਿਖੇ ਸ਼ੁਰੂ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਕਰਵਾਉਣ ਲਈ ਪੂਰੀ ਤਿਆਰੀਆਂ ਕਰਦੇ ਹੋਏ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾ ਲਏ ਹਨ। 


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟ੍ਰਾਂਗ ਰੂਮ ਵਿਚ ਰੱਖੀਆਂ ਈ. ਵੀ. ਐੱਮਜ਼ ਅਤੇ ਵੀ. ਵੀ. ਪੈਟ ਮਸ਼ੀਨਾਂ ਦੀ ਨਿਗਰਾਨੀ ਲਈ ਥ੍ਰੀ-ਟਾਇਰ ਸੁਰੱਖਿਆ ਯਕੀਨੀ ਬਣਾਈ ਗਈ ਹੈ। ਉਮੀਦਵਾਰ ਅਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਨੂੰ ਇਨ੍ਹਾਂ ਥਾਵਾਂ ’ਤੇ ਜਾਣ ਦੀ ਇਜਾਜ਼ਤ ਹੋਵੇਗੀ। ਵੋਟਾਂ ਦੀ ਗਿਣਤੀ ਦੌਰਾਨ ਕੋਈ ਵੀ ਅਣਅਧਿਕਾਰਤ ਵਿਅਕਤੀ ਗਿਣਤੀ ਦੇ ਕੇਂਦਰ ਦੇ ਨੇੜੇ ਨਾ ਹੋਵੇ, ਇਸ ਲਈ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਜਾਵੇਗਾ। ਉੱਥੇ ਹੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 10 ਮਈ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕ ਸਭਾ ਹਲਕੇ ਲਈ ਚੋਣ ਪ੍ਰਕਿਰਿਆ ਆਯੋਜਿਤ ਕਰਦੇ ਹੋਏ ਜ਼ਿਲ੍ਹੇ ਭਰ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਹੈ।


ਲੋਕ ਸਭਾ ਦੀ ਜ਼ਿਮਨੀ ਚੋਣ ਦੇ 13 ਮਈ ਨੂੰ ਆ ਰਹੇ ਨਤੀਜੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਚੋਣ ਕਮਿਸ਼ਨ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਅਤੇ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਨੂੰ ਸ਼ਾਂਤਮਈ ਢੰਗ ਨਾਲ ਕਰਵਾਉਣ ਸਬੰਧੀ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ।


ਸ਼ਹਿਰ 'ਚ ਲਾਅ ਐਂਡ ਆਰਡਰ ਨੂੰ ਮਜ਼ਬੂਤ ਰੱਖਣ ਲਈ ਸ਼ਹਿਰ ਵਿਚ ਪੈਰਾ-ਮਿਲਟਰੀ ਫੋਰਸ ਦੀਆਂ 30 ਕੰਪਨੀਆਂ ਅਤੇ ਲਗਭਗ 30 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਸੀ। ਕਾਊਂਟਿੰਗ ਸੈਂਟਰ ਦੇ ਆਲੇ-ਦੁਆਲੇ ਅਤੇ ਉਸ ਦੇ ਅੰਦਰ ਤੇ ਨੇੜੇ ਪੈਂਦੇ ਕਈ ਇਲਾਕਿਆਂ ਵਿਚ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਪੈਰਾ-ਮਿਲਟਰੀ ਫੋਰਸ ਦੀਆਂ ਕੰਪਨੀਆਂ ਨੂੰ ਵੀ ਸ਼ਹਿਰ ਵਿਚ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤਾ ਜਾ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।