Jalandhar By-election Results 2023 : ਜਲੰਧਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ 13 ਮਈ ਯਾਨੀ ਅੱਜ ਹੋਵੇਗੀ, ਜਿਸ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਕਾਂਗਰਸ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਜਲੰਧਰ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ 'ਚ 'ਆਪ', ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ 'ਚ ਚੌਤਰਫਾ ਚੋਣ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਜਨਵਰੀ 'ਚ ਪਾਰਟੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਸੀਟ 'ਤੇ ਉਪ ਚੋਣ ਹੋਈ ਸੀ।


ਇਸ ਜ਼ਿਮਨੀ ਚੋਣ ਨੂੰ ਇਕ ਸਾਲ ਪੁਰਾਣੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਕਾਰਗੁਜ਼ਾਰੀ ਦੀ ਪਰਖ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜੋ ਮੁਫਤ ਬਿਜਲੀ, ਨੌਜਵਾਨਾਂ ਨੂੰ ਰੁਜ਼ਗਾਰ, ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਵਰਗੇ ਕਈ ਮੁੱਦਿਆਂ 'ਤੇ ਸਰਗਰਮੀ ਨਾਲ ਕਾਰਵਾਈ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ। ਕਾਂਗਰਸ ਵੀ ਆਪਣਾ ਗੜ੍ਹ ਮੰਨੀ ਜਾਂਦੀ ਜਲੰਧਰ ਸੀਟ 'ਤੇ ਆਪਣੀ ਪਕੜ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ 1999 ਤੋਂ ਲਗਾਤਾਰ ਇਹ ਸੀਟ ਜਿੱਤਦੀ ਆ ਰਹੀ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਕਪੂਰਥਲਾ ਰੋਡ ਸਥਿਤ ਡਾਇਰੈਕਟਰ ਲੈਂਡ ਰਿਕਾਰਡਜ਼ ਅਤੇ ਸਪੋਰਟਸ ਕਾਲਜ ਕੰਪਲੈਕਸ ਦੇ ਦਫ਼ਤਰ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸੀਟ ਲਈ ਕੁੱਲ 19 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ‘ਆਪ’ ਦੇ ਸੁਸ਼ੀਲ ਰਿੰਕੂ,  ਮਰਹੂਮ ਸੰਤੌਖ ਚੌਧਰੀ ਦੀ ਪਤਨੀ ਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ , ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਸੁੱਖੀ ਚੋਣ ਮੈਦਾਨ 'ਚ ਹਨ। ਅਧਿਕਾਰੀਆਂ ਨੇ ਦੱਸਿਆ ਕਿ 10 ਮਈ ਨੂੰ ਹੋਈ ਉਪ ਚੋਣ ਵਿੱਚ 54.70 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਿੰਗ ਪ੍ਰਤੀਸ਼ਤਤਾ 63.04 ਪ੍ਰਤੀਸ਼ਤ ਸੀ।


ਅੰਕੜਿਆਂ ਅਨੁਸਾਰ ਸੰਸਦੀ ਹਲਕੇ ਦੇ ਕੁੱਲ 16,21,800 ਵੋਟਰਾਂ ਵਿੱਚੋਂ ਸਿਰਫ਼ 8,87,154 ਲੋਕਾਂ ਨੇ ਹੀ ਵੋਟ ਪਾਈ। ਜਲੰਧਰ ਲੋਕ ਸਭਾ ਸੀਟ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ਵਿੱਚੋਂ ਸ਼ਾਹਕੋਟ ਵਿੱਚ ਸਭ ਤੋਂ ਵੱਧ 58.23 ਫੀਸਦੀ ਮਤਦਾਨ ਹੋਇਆ। ਇਸ ਤੋਂ ਬਾਅਦ ਕਰਤਾਰਪੁਰ ਵਿੱਚ 57.97 ਫੀਸਦੀ, ਜਲੰਧਰ ਪੱਛਮੀ ਵਿੱਚ 56.49 ਫੀਸਦੀ, ਨਕੋਦਰ ਵਿੱਚ 55.89 ਫੀਸਦੀ, ਫਿਲੌਰ ਵਿੱਚ 55.81 ਫੀਸਦੀ, ਜਲੰਧਰ ਉੱਤਰੀ ਵਿੱਚ 54.43 ਫੀਸਦੀ, ਆਦਮਪੁਰ ਵਿੱਚ 54.02 ਫੀਸਦੀ, ਜਲੰਧਰ ਕੈਂਟ ਵਿੱਚ 50.19 ਫੀਸਦੀ ਅਤੇ ਜਲੰਧਰ ਕੇਂਦਰੀ ਵਿੱਚ 48.94 ਫੀਸਦੀ ਦਰਜ ਕੀਤਾ ਗਿਆ।