ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੦੮ ਸਾਵਣ (ਸੰਮਤ ੫੫੪ ਨਾਨਕਸ਼ਾਹੀ) ਅੰਗ ੮੯੧

 



Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 08th Sawan (Samvat 554 Nanakshahi) 23-July-2022 Ang 891



ਰਾਮਕਲੀ ਮਹਲਾ ੫ ॥ ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥ ਆਗੈ ਮਿਲੀ ਨਿਥਾਵੇ ਥਾਉ ॥ ਗੁਰ ਪੂਰੇ ਕੀ ਚਰਣੀ ਲਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥੧॥ ਹਰਿ ਹਰਿ ਜਾਪੁ ਜਪਲਾ ॥ ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥ ਨਾਮੁ ਨਿਧਾਨੁ ਧਿਆਇ ਮਨ ਅਟਲ ॥ ਤਾ ਛੂਟਹਿ ਮਾਇਆ ਕੇ ਪਟਲ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ ॥ ਤਾ ਤੇਰਾ ਹੋਇ ਨਿਰਮਲ ਜੀਉ ॥੨॥ ਸੋਧਤ ਸੋਧਤ ਸੋਧਿ ਬੀਚਾਰਾ ॥ ਬਿਨੁ ਹਰਿ ਭਗਤਿ ਨਹੀ ਛੁਟਕਾਰਾ ॥ ਸੋ ਹਰਿ ਭਜਨੁ ਸਾਧ ਕੈ ਸੰਗਿ ॥ ਮਨੁ ਤਨੁ ਰਾਪੈ ਹਰਿ ਕੈ ਰੰਗਿ ॥੩॥ ਛੋਡਿ ਸਿਆਣਪ ਬਹੁ ਚਤੁਰਾਈ ॥ ਮਨ ਬਿਨੁ ਹਰਿ ਨਾਵੈ ਜਾਇ ਨ ਕਾਈ ॥ ਦਇਆ ਧਾਰੀ ਗੋਵਿਦ ਗੁੋਸਾਈ ॥ ਹਰਿ ਹਰਿ ਨਾਨਕ ਟੇਕ ਟਿਕਾਈ ॥੪॥੧੬॥੨੭॥



ਪਦਅਰਥ: ਬੀਜ ਮੰਤ੍ਰੁ = ਮੂਲ ਮੰਤ੍ਰ, ਸਭ ਤੋਂ ਸ੍ਰੇਸ਼ਟ ਮੰਤ੍ਰ। ਆਗੈ = ਪਰਲੋਕ ਵਿਚ। ਸੋਇਆ = ਸੁੱਤਾ ਹੋਇਆ।੧। ਜਪਲਾ = ਜਪਿਆ। ਤੇ = ਤੋਂ, ਦੀ ਰਾਹੀਂ। ਹਿਰਦੈ = ਹਿਰਦੇ ਵਿਚ। ਪਰਲਾ = ਪਿਆ। ਪਾਰਿ ਤਰਲਾ = ਪਾਰ ਲੰਘ ਗਿਆ।੧।ਰਹਾਉ।

 

ਨਿਧਾਨੁ = ਖ਼ਜ਼ਾਨਾ। ਮਨ = ਹੇ ਮਨ! ਅਟਲ = ਕਦੇ ਨਾਹ ਟਲਣ ਵਾਲਾ। ਛੂਟਹਿ = ਮੁੱਕ ਜਾਂਦੇ ਹਨ। ਪਟਲ = ਪੜਦੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮਲ = ਪਵਿੱਤ੍ਰ। ਜੀਉ = ਜਿੰਦ।੨। ਸੋਧਤ = ਵਿਚਾਰਦਿਆਂ। ਸੋਧਿ = ਵਿਚਾਰ ਕੇ। ਛੁਟਕਾਰਾ = ਮਾਇਆ ਤੋਂ ਖ਼ਲਾਸੀ। ਸਾਧ ਕੈ ਸੰਗਿ = ਗੁਰੂ ਦੀ ਸੰਗਤਿ ਵਿਚ। ਰਾਪੈ = ਰੰਗਿਆ ਜਾਂਦਾ ਹੈ। ਰੰਗਿ = ਪ੍ਰੇਮ = ਰੰਗ ਵਿਚ।੩। ਮਨ = ਹੇ ਮਨ! ਜਾਇ ਨ = ਦੂਰ ਨਹੀਂ ਹੁੰਦੀ। ਕਾਈ = ਜਾਲਾ। ਗੁੋਸਾਈ = {ਅਸਲ ਲਫ਼ਜ਼ 'ਗੋਸਾਈ' ਹੈ, ਇਥੇ 'ਗੁਸਾਈ' ਪੜ੍ਹਨਾ ਹੈ}। ਟੇਕ = ਆਸਰਾ।੪।



ਅਰਥ: (ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ, (ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ।੧।ਰਹਾਉ। (ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ। (ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ, ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ ।੧। ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ, ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ। ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ, ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ ।੨। ਹੇ ਮਨ! ਅਸਾਂ ਬਹੁਤ ਵਿਚਾਰ ਵਿਚਾਰ ਕੇ ਇਹ ਸਿੱਟਾ ਕੱਢਿਆ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਪ੍ਰਭੂ ਦੀ ਉਹ ਭਗਤੀ ਗੁਰੂ ਦੀ ਸੰਗਤਿ ਵਿਚ (ਪ੍ਰਾਪਤ ਹੁੰਦੀ ਹੈ। ਜਿਸ ਨੂੰ ਪ੍ਰਾਪਤੀ ਹੁੰਦੀ ਹੈ, ਉਸ ਦਾ) ਮਨ ਅਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ।੩। ਹੇ ਮਨ! ਆਪਣੀ) ਸਿਆਣਪ ਅਤੇ ਬਹੁਤੀ ਚਤੁਰਾਈ ਛੱਡ ਦੇ। (ਜਿਵੇਂ ਜਾਲੇ ਦੇ ਕਾਰਨ ਭੁਇਂ ਵਿਚ ਪਾਣੀ ਜੀਊਰਦਾ ਨਹੀਂ, ਇਸੇ ਤਰ੍ਹਾਂ ਹਉਮੈ ਦੇ ਕਾਰਨ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ) , ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਾਲਾ ਦੂਰ ਨਹੀਂ ਹੁੰਦਾ। ਹੇ ਨਾਨਕ! ਆਖ-) ਜਿਸ ਮਨੁੱਖ ਉਤੇ ਧਰਤੀ ਦਾ ਖਸਮ ਪ੍ਰਭੂ ਦਇਆ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦਾ ਹੈ ।੪।੧੬।੧੭।