ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੦੯ ਸਾਵਣ (ਸੰਮਤ ੫੫੪ ਨਾਨਕਸ਼ਾਹੀ) ਅੰਗ ੬੧੮
Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 09th Sawan (Samvat 554 Nanakshahi) 24-July-2022 Ang 618
ਸੋਰਠਿ ਮਹਲਾ ੫ ॥ ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥ ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥ ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥
ਪਦਅਰਥ: ਗਤਿ = ਆਤਮਕ ਅਵਸਥਾ। ਪਾਹਿ = ਪਾਸ। ਨਿਬੇਰੋ = ਨਿਬੇੜਾ, ਫ਼ੈਸਲਾ। ਸਾਹਿਬ = ਹੇ ਮਾਲਕ! ਖਤੇ = ਪਾਪ। ਕਰਿ ਫੇਰੋ = ਕਰਦਾ ਫਿਰਦਾ ਹਾਂ ।੧। ਠਾਕੁਰੁ = ਪਾਲਣਹਾਰ। ਨੇਰੋ = ਨੇੜੇ, ਅੰਗ = ਸੰਗ। ਮੋਹਿ = ਮੈਨੂੰ। ਚੇਰੋ = ਚੇਰਾ, ਦਾਸ ।੧।ਰਹਾਉ। ਸੁਆਮੀ = ਹੇ ਮਾਲਕ! ਗੁਨੀ = ਗੁਣਾਂ ਦਾ ਮਾਲਕ। ਗਹੇਰੋ = ਡੂੰਘਾ। ਸਿਲਕ = ਫਾਹੀ। ਦਾਸਰੋ = ਨਿੱਕਾ ਜਿਹਾ ਦਾਸ। ਤਉ = ਤਦੋਂ। ਨਿਹੋਰੋ = ਮੁਥਾਜੀ ।੨।
ਅਰਥ: ਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ। ਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ ।੧।ਰਹਾਉ। ਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ। ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ ।੧। ਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ।੨।੭।੩੫।