ਅਨੰਦਪੁਰ ਸਾਹਿਬ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਭਨਾਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਕੀਤੀ। ਸਿੱਖਾਂ ਦੀ ਸਿਰਮੌਰ ਸੰਸਥਾ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਾਰੀਆਂ ਧਿਰਾਂ ਦੇ ਵਿਚਾਰ ਹਾਸਲ ਕਰ ਰਹੀ ਹੈ।

ਇਸ ਮੌਕੇ ਤਖ਼ਤ ਸਾਹਿਬਾਨ ਦੇ ਜਥੇਦਾਰ, ਪੰਜਾਬ ਪੰਜਾਬੀ ਦੀਆਂ ਸਮੂਹ ਸਭਾਵਾਂ, ਸੁਸਾਇਟੀਆਂ, ਟਰੱਸਟ, ਗੁਰਮਤਿ ਵਿਦਿਆਲੇ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ ਨੇ ਆਪੋ-ਆਪਣੇ ਵਿਚਾਰ ਰੱਖੇ। ਅਕਾਲ ਤਖ਼ਤ ਸਾਹਿਬ ਵੱਲੋਂ ਸੱਦੀ ਗਈ ਇਸ ਇਕੱਤਰਤਾ ਵਿੱਚ ਕਈ ਏਜੰਡੇ ਵਿਚਾਰੇ ਗਏ ਪਰ ਮੁੱਖ ਤੌਰ 'ਤੇ ਸਮੂਹ ਪੰਥਕ ਜਥੇਬੰਦੀਆਂ ਨੂੰ 550 ਸਾਲਾ ਸ਼ਤਾਬਦੀ ਪੁਰਬ ਮਨਾਉਣ ਲਈ ਉਤਸ਼ਾਹਿਤ ਕਰਨਾ ਹੈ।

ਇਸ ਦੇ ਨਾਲ ਕੇਂਦਰੀ ਪੱਧਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ, ਹੋਰਨਾਂ ਸੂਬਿਆਂ ਤੇ ਵਿਦੇਸ਼ਾਂ ਵਿੱਚ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਜਥੇਬੰਦੀਆਂ ਦੀ ਸ਼ਮੂਲੀਅਤ ਤੇ ਸਹਿਯੋਗ ਯਕੀਨੀ ਬਣਾਉਣਾ ਹੋਵੇਗਾ। ਜਥੇਬੰਦੀਆਂ ਨੂੰ ਉਨ੍ਹਾਂ ਦੇ ਕਾਰਜ ਖੇਤਰ ਅਨੁਸਾਰ ਪ੍ਰੋਗਰਾਮ ਦੇਣੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਗਾਊਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਅਤੇ ਨਾਨਕ ਨਾਮ ਲੇਵਾ ਤੇ ਨਾਨਕ ਪੰਥੀ ਸੰਗਤਾਂ ਨੂੰ ਕੌਮੀ ਕਲਾਵੇ ਵਿੱਚ ਲੈ ਕੇ ਯੋਜਨਾਬੱਧ ਕਾਰਜਕ੍ਰਮ ਉਲੀਕਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ।