ਡੇਰਾ ਬਾਬਾ ਨਾਨਕ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਮਜੀਠੀਆ ਅੱਜ ਡੇਰਾ ਬਾਬਾ ਨਾਨਕ ਪਹੁੰਚੇ।ਉਨ੍ਹਾਂ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਲਈ ਅਰਦਾਸ ਕੀਤੀ।ਉਨ੍ਹਾਂ ਦੋਵਾਂ ਸਰਕਾਰਾਂ ਨੂੰ ਬੇਨਤੀ ਕਿ ਲਾਂਘਾ ਖੋਲ੍ਹਿਆ ਜਾਵੇ।

ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਹ ਮੁੱਦਾ ਕੇਂਦਰ ਸਰਕਾਰ ਤੱਕ ਪਹੁੰਚਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲਾਂਘਾ ਖੁੱਲ੍ਹਣ 'ਚ ਅੜਿੱਕਾ ਨਹੀਂ ਬਣਨਾ ਚਾਹੀਦਾ। ਉਨ੍ਹਾਂ ਸਵਾਲ ਚੁੱਕਦੇ ਹੋਏ ਕਿਹਾ ਦੇਸ਼-ਦੁਨੀਆ ਦਾ ਹਰ ਗੁਰੂਘਰ ਖੁੱਲ੍ਹ ਗਿਆ ਤਾਂ ਕਿਉਂ ਲਾਂਘਾ ਨਹੀਂ ਖੋਲਿਆ ਜਾ ਰਿਹਾ?



ਦੱਸ ਦੇਈਏ ਕਿ 2019 ‘ਚ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਗਿਆ ਸੀ। 9 ਨਵੰਬਰ, 2019 ਨੂੰ ਕੌਰੀਡੋਰ ਦਾ ਉਦਘਾਟਨ ਹੋਇਆ ਸੀ।
ਕਰਤਾਰਪੁਰ ਕੌਰੀਡੋਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੁੱਲਿਆ ਸੀ। ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਨੇ ਦਰਸ਼ਨ ਕੀਤੇ ਸਨ। ਬਿਨਾਂ ਵੀਜ਼ਾ ਦਰਸ਼ਨਾਂ ਦੀ ਸੰਗਤ ਨੂੰ ਇਜਾਜ਼ਤ ਦਿੱਤੀ ਗਈ ਸੀ। ਸਿੱਖ ਸੰਗਤਾਂ ਦੀ ਦਹਾਕਿਆਂ ਪੁਰਾਣੀ ਮੰਗ 2019 ‘ਚ ਪ੍ਰਵਾਨ ਹੋਈ ਸੀ।

ਮਾਰਚ ਮਹੀਨੇ ‘ਚ ਕੋਰੋਨਾ ਕਰਕੇ ਪਾਬੰਦੀਆਂ ਲਗਾਈਆਂ ਗਈਆਂ ਸੀ ਅਤੇ ਕਰਤਾਰਪੁਰ ਲਾਂਘਾ ਵੀ ਬੰਦ ਕੀਤਾ ਗਿਆ ਸੀ। 16 ਮਾਰਚ 2020 ਨੂੰ ਆਰਜ਼ੀ ਤੌਰ ‘ਤੇ ਭਾਰਤ ਨੇ ਲਾਂਘਾ ਬੰਦ ਕੀਤਾ ਸੀ। ਕਰੀਬ 7 ਮਹੀਨਿਆਂ ਤੋਂ ਆਰਜ਼ੀ ਤੌਰ ‘ਤੇ ਕਰਤਾਰਪੁਰ ਕੌਰੀਡੋਰ ਬੰਦ ਪਿਆ ਹੈ।ਕੋਰੋਨਾ ਦੇ ਬਾਵਜੂਦ ਪਾਕਿਸਤਾਨ ਨੇ ਦਰਸ਼ਨਾਂ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਭਾਰਤ ਸਰਕਾਰ ਵੱਲੋਂ ਲਾਂਘਾ ਖੋਲਣ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਦਿੱਤਾ ਗਿਆ।