Hukamnama Sahib: ਵਡਹੰਸੁ ਮਹਲਾ ੩ ॥ ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ ਅਖੀ ਸੰਤੋਖੀਆ ਏਕ ਲਿਵ ਲਾਇ ॥ ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥ ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥ ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥ ਨਾਨਕ ਮਸਤਕਿ ਜਿਸੁ ਵਡਭਾਗੁ ॥ ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥

ਅਰਥ: ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੧॥ ਜਿਸ ਦੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ ਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥ ਇਕ ਪਰਮਾਤਮਾ ਵਿਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ (ਪਰਾਏ ਰੂਪ ਵਲੋਂ) ਰੱਜ ਜਾਂਦੀਆਂ ਹਨ, ਤੇ ਮਾਇਆ ਦਾ ਪਿਆਰ ਦੂਰ ਕਰ ਕੇ ਮਨੁੱਖ ਦਾ ਮਨ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੨॥ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਆਤਮਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰਿ-ਨਾਮ ਮਨੁੱਖ ਦੇ ਹਿਰਦੇ ਵਿਚ ਸਦਾ ਟਿਕਿਆ ਰਹਿੰਦਾ ਹੈ ॥੩॥ ਨਾਨਕ ਜੀ! ਜਿਸ ਮਨੁੱਖ ਦੇ ਮੱਥੇ ਉਤੇ ਉੱਚੀ ਕਿਸਮਤ ਜਾਗਦੀ ਹੈ, ਉਹ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ ਜਿਸ ਨਾਲ ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ॥੪॥੭॥

( Wahguru Ji Ka Khalsa, Wahguru Ji Ki Fateh )ਗੱਜ-ਵੱਜ ਕੇ ਫਤਹਿ ਬੁਲਾਓ ਜੀ !ਵਾਹਿਗੁਰੂ ਜੀ ਕਾ ਖਾਲਸਾ !!ਵਾਹਿਗੁਰੂ ਜੀ ਕੀ ਫਤਹਿ !!

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।