Hukamnama Sahib:  ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ ਹੁਕਮੁ ਭਇਆਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥ ਮਨੁ ਮਾਨਿਆ ਨਾਮੁ ਸਖਾਈ ॥ ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥ ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥ ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥ ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥  ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ, ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ ਤੇ ਇੰਜ ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ। ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ ਤੇ ਇਸ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ॥੧॥ ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ। ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ॥ ਰਹਾਉ॥ ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ। ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ। ਉਹ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤ ਨਹੀਂ ਲੱਗਦੀ। ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ। ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥  ( Waheguru Ji Ka Khalsa, Waheguru Ji Ki Fathe )ਗੱਜ-ਵੱਜ ਕੇ ਫਤਹਿ ਬੁਲਾਓ ਜੀ !ਵਾਹਿਗੁਰੂ ਜੀ ਕਾ ਖਾਲਸਾ !!ਵਾਹਿਗੁਰੂ ਜੀ ਕੀ ਫਤਹਿ !!

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।