ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀੴ ਸਤਿਗੁਰ ਪ੍ਰਸਾਦਿ ॥ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨ੍ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥ ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥ ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥ ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥

Continues below advertisement

ਪਦਅਰਥ: ਭਾਈ = ਹੇ ਭਾਈ! ਬੂਡਤੇ = (ਸੰਸਾਰ = ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬਦੇ ਹਨ। ਅਧਿਕਾਈ = ਬਹੁਤ ਜੀਵ।੧।ਰਹਾਉ। ਬਨਿਤਾ = ਵਹੁਟੀ। ਸੁਤ = ਪੁੱਤਰ। ਦੇਹ = ਸਰੀਰ। ਗ੍ਰੇਹ = ਘਰ। ਸੰਪਤਿ = ਦੌਲਤ। ਸੁਖਦਾਈ = ਸੁਖ ਦੇਣ ਵਾਲੇ। ਕਾਲ = ਮੌਤ। ਅਵਧ = {Skt. अवधि} ਅਖ਼ੀਰਲਾ ਸਮਾ, ਅਖ਼ੀਰਲੀ ਹੱਦ।੧। ਅਜਾਮਲ = ਭਾਗਵਤ ਦੀ ਕਥਾ ਹੈ ਕਿ ਇਕ ਬ੍ਰਾਹਮਣ ਅਜਾਮਲ ਕਨੌਜ ਦੇ ਰਹਿਣ ਵਾਲੇ ਦਾ ਇਕ ਵੇਸਵਾ ਨਾਲ ਮੋਹ ਪੈ ਗਿਆ; ਸਾਰੀ ਉਮਰ ਵਿਕਾਰਾਂ ਵਿਚ ਹੀ ਗੁਜ਼ਾਰਦਾ ਰਿਹਾ। ਪਰ ਆਪਣੇ ਇਕ ਪੁੱਤਰ ਦਾ ਨਾਮ 'ਨਾਰਾਇਣ' ਰੱਖਣ ਕਰਕੇ ਸਹਿਜੇ ਸਹਿਜੇ ਨਾਰਾਇਣ = ਪ੍ਰਭੂ ਨਾਲ ਹੀ ਲਿਵ ਬਣਦੀ ਗਈ, ਤੇ ਇਸ ਤਰ੍ਹਾਂ ਵਿਕਾਰਾਂ ਵਲੋਂ ਉਪਰਾਮ ਹੋ ਕੇ ਭਗਤੀ ਵਿਚ ਲੱਗਾ। ਗਜ = ਹਾਥੀ; ਭਾਗਵਤ ਦੀ ਇਕ ਕਥਾ ਹੈ ਕਿ ਸ੍ਰਾਪ ਦੇ ਕਾਰਨ ਇਕ ਗੰਧਰਵ ਹਾਥੀ ਦੀ ਜੂਨੇ ਆ ਪਿਆ। ਸਰੋਵਰ ਵਿਚੋਂ ਪਾਣੀ ਪੀਣ ਗਏ ਨੂੰ ਇਕ ਤੰਦੂਏ ਨੇ ਫੜ ਲਿਆ। ਪਰਮਾਤਮਾ ਦੇ ਅਰਾਧਨ ਨੇ ਇਸ ਨੂੰ ਉਸ ਬਿਪਤਾ ਤੋਂ ਬਚਾਇਆ। ਗਨਿਕਾ = ਵੇਸਵਾ, ਇਸ ਨੂੰ ਇਕ ਮਹਾਤਮਾ ਵਿਕਾਰੀ ਜੀਵਨ ਵਲੋਂ ਬਚਾਉਣ ਲਈ 'ਰਾਮ ਰਾਮ' ਕਹਿਣ ਵਾਲਾ ਇਕ ਤੋਤਾ ਦੇ ਗਏ। ਉਸ ਤੋਤੇ ਦੀ ਸੰਗਤ ਵਿਚ ਇਸ ਨੂੰ ਰਾਮ ਸਿਮਰਨ ਦੀ ਲਗਨ ਲੱਗ ਗਈ, ਤੇ ਵਿਕਾਰਾਂ ਵਲੋਂ ਇਹ ਹਟ ਗਈ। ਪਤਿਤ ਕਰਮ = ਵਿਕਾਰ। ਤੇਊ = ਇਹ ਭੀ।੨। ਸੂਕਰ = ਸੂਰ। ਕੂਕਰ = ਕੁੱਤੇ। ਭ੍ਰਮੇ = ਭਟਕਦੇ ਰਹੇ। ਤਊ = ਤਾਂ ਭੀ। ਬਿਖੁ = ਜ਼ਹਿਰ।੩। ਤਜਿ = ਛੱਡ ਦੇਹ। ਬਿਧਿ ਕਰਮ = ਉਹ ਕਰਮ ਜੋ ਵਿਧੀ ਅਨੁਸਾਰ ਹੋਣ, ਉਹ ਕਰਮ ਜਿਨ੍ਹਾਂ ਦੇ ਕਰਨ ਦੀ ਆਗਿਆ ਸ਼ਾਸਤ੍ਰਾਂ ਵਲੋਂ ਮਿਲੀ ਹੋਵੇ। ਨਿਖੇਧ ਕਰਮ = ਉਹ ਕੰਮ ਜਿਨ੍ਹਾਂ ਦੇ ਕਰਨ ਬਾਰੇ ਸ਼ਾਸਤ੍ਰਾਂ ਵਲੋਂ ਮਨਾਹੀ ਹੋਵੇ। ਬਿਧਿ = ਆਗਿਆ। ਨਿਖੇਧ = ਮਨਾਹੀ। ਸਨੇਹੀ = ਪਿਆਰਾ, ਸਾਥੀ।੪।ਅਰਥ: ਰਾਗ ਧਨਾਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ। ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ॥੧॥ ਰਹਾਉ ॥ ਵਹੁਟੀ, ਪੁੱਤਰ, ਸਰੀਰ, ਘਰ, ਦੌਲਤ - ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ, ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ॥੧॥ ਅਜਾਮਲ, ਗਜ, ਗਨਿਕਾ - ਇਹ ਵਿਕਾਰ ਕਰਦੇ ਰਹੇ, ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ॥੨॥ (ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ)। ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ ? ॥੩॥ (ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ - ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ। ਕਬੀਰ ਜੀ ਕਹਿੰਦੇ ਹਨ, ਹੇ ਦਾਸ ਕਬੀਰ ਜੀ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ॥੪॥੫॥

Continues below advertisement