ਬਿਲਾਵਲੁ ਮਹਲਾ ੫ ॥ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥ ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥

Continues below advertisement

ਸਿਮਰਿ = ਸਿਮਰ ਕੇ। ਕਲਿਆਣੁ = ਸੁਖ। ਉਪਾਧਿ = ਛਲ, ਧੋਖਾ। ਮਿਟੀ ਉਪਾਧਿ = ਕਿਸੇ ਦੀ ਕੀਤੀ ਚੋਟ ਸਫਲ ਨਹੀਂ ਹੁੰਦੀ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾਣੁ = ਸੁਜਾਨ ॥੧॥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਤਿਨਿ = ਉਸ (ਪ੍ਰਭੂ) ਨੇ। ਸੁਖਾਲੇ = ਸੁਖੀ। ਕਉ = ਨੂੰ। ਤਾਣੁ = ਸਹਾਰਾ। ਭੈ ਭੰਜਨ = ਸਾਰੇ ਡਰ ਦੂਰ ਕਰ ਸਕਣ ਵਾਲਾ। ਕਰਤੇ = ਕਰਦੇ ਹਨ। ਮਾਣੁ = ਫ਼ਖ਼ਰ, ਭਰੋਸਾ ॥੧॥ ਮਿਤ੍ਰਾਈ = ਮਿਤ੍ਰਤਾ, ਪਿਆਰ ਦੀ ਸਾਂਝ। ਬੁਰਾਈ = ਭੈੜੀ ਚਿਤਵਨੀ। ਦ੍ਰੁਸਟ = ਦੁਸ਼ਟ, ਮੰਦਾ ਚਿਤਵਨ ਵਾਲੇ। ਦੂਤ = ਵੈਰੀ। ਛਾਣਿ = ਚੁਣ ਕੇ। ਸਹਜ = ਆਤਮਕ ਅਡੋਲਤਾ, ਸ਼ਾਂਤੀ। ਜੀਵੈ = ਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਗੁਣਹ ਵਖਾਣਿ = (ਪ੍ਰਭੂ ਦੇ) ਗੁਣ ਉਚਾਰ ਕੇ ॥੨॥੨੬॥੧੧੨॥ਹੇ ਭਾਈ! ਗੋਬਿੰਦ ਦਾ ਨਾਮ ਸਿਮਰ ਕੇ (ਉਸ ਮਨੁੱਖ ਦੇ ਮਨ ਅੰਦਰ) ਸੁਖ ਹੀ ਸੁਖ ਬਣ ਗਿਆ, ਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ। ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ॥੧॥ ਰਹਾਉ॥ ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ)। ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ॥੧॥ (ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ। ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ ॥੨॥੨੬॥੧੧੨॥

 

Continues below advertisement