ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ਅਰਥ : ਸੰਤਹੁ = ਹੇ ਸੰਤ ਜਨੋ! ਮਨ ਪਵਨੈ = ਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ ਪਰਾਪਤਿ = ਪਰਾਪਤਿ ਜੋਗੁ, ਹਾਸਲ ਕਰਨ ਜੋਗਾ। ਕਿਛੁ = ਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆ = ਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ। ਗੁਰਿ = ਗੁਰੂ ਨੇ। ਮੋਰੀ = ਕਮਜ਼ੋਰੀ। ਜਿਤੁ = ਜਿਸ ਕਮਜ਼ੋਰੀ ਦੀ ਰਾਹੀਂ। ਮਿਰਗ = ਕਾਮਾਦਿਕ ਪਸ਼ੂ। ਚੋਰੀ = ਚੁਪ-ਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ। ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ। ਅਨਹਦ = ਇੱਕ-ਰਸ। ਬਾਜੀਅਲੇ = ਵੱਜਣ ਲੱਗ ਪਏ ਹਨ ॥੧॥ ਕੁੰਭ = ਹਿਰਦਾ-ਰੂਪ ਘੜਾ। ਜਲਿ = ਵਿਕਾਰ-ਰੂਪ ਪਾਣੀ ਨਾਲ। ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ। ਜਾਨਿਆ = ਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ। ਮਾਨਿਆ = ਪਤੀਜ ਗਿਆ ਹੈ ॥੨॥੧੦॥