ਗੂਜਰੀ ਮਹਲਾ ੫ ॥ ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥ ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥ ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥ ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥ ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥
ਕੋ = ਦਾ। ਸਰਨਿ ਕੋ ਦਾਤਾ = ਆਸਰਾ ਦੇਣ ਵਾਲਾ। ਸੁਖਰਾਇ = ਸੁਖਾਂ ਦਾ ਰਾਜਾ, ਸੁਖ ਦੇਣ ਵਾਲਾ। ਜਾਹਿ = ਦੂਰ ਹੋ ਜਾਂਦੇ ਹਨ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਗਾਇ = ਗਾ ਕੇ।੧। ਗੋਵਿੰਦ = ਹੇ ਗੋਵਿੰਦ! ਠਾਉ = ਥਾਂ, ਆਸਰਾ। ਪਾਰਬ੍ਰਹਮ = ਹੇ ਪਾਰਬ੍ਰਹਮ! ਜਪੀ = ਜਪੀਂ, ਮੈਂ ਜਪਾਂ।੧।ਰਹਾਉ। ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਭਾਗਿ = ਕਿਸਮਤ ਨਾਲ। ਲਿਵ = ਲਗਨ। ਕਵਲ = ਹਿਰਦਾ-ਕੌਲ। ਸੰਗੇ = ਸੰਗਤਿ ਵਿਚ। ਦੁਰਮਤਿ = ਖੋਟੀ ਮਤਿ ਵਾਲੀ।੨।
ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ। ਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ।੧। ਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ। ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ।੧।ਰਹਾਉ। ਹੇ ਭਾਈ! ਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ।੨।