ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ੴ ਸਤਿਗੁਰ ਪ੍ਰਸਾਦਿ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥१॥


 



ਧੰਨੁ = ਵਡਿਆਵਣ-ਯੋਗ। ਸਿਰੰਦਾ = ਪੈਦਾ ਕਰਨ ਵਾਲਾ, ਸਿਰਜਣਹਾਰ। ਸਚਾ = ਸਦਾ-ਥਿਰ ਰਹਿਣ ਵਾਲਾ। ਜਿਨਿ = ਜਿਸ (ਪਾਤਿਸ਼ਾਹ) ਨੇ। ਧੰਧੈ = (ਮਾਇਆ ਦੇ) ਆਹਰ ਵਿਚ। ਮੁਹਲਤਿ = ਮਿਲਿਆ ਸਮਾ। ਪੁਨੀ = ਪੁੰਨੀ, ਪੁੱਜ ਗਈ, ਪੂਰੀ ਹੋ ਗਈ। ਪਾਈ = ਪਨ-ਘੜੀ ਦੀ ਪਿਆਲੀ। ਜਾਨੀਅੜਾ = ਪਿਆਰਾ ਸਾਥੀ ਜੀਵਾਤਮਾ। ਘਤਿ = ਫੜ ਕੇ। ਚਲਾਇਆ = ਅੱਗੇ ਲਾ ਲਿਆ ਜਾਂਦਾ ਹੈ। ਚਲਾਇਆ = ਅੱਗੇ ਲਾ ਲਿਆ ਜਾਂਦਾ ਹੈ। ਵੀਰ ਸਬਾਏ = ਸਾਰੇ ਵੀਰ, ਸਾਰੇ ਸੱਜਣ ਸੰਬੰਧੀ। ਹੰਸ = ਜੀਵਾਤਮਾ। ਪੁੰਨੇ = ਪੁੱਗ ਗਏ, ਮੁੱਕ ਗਏ। ਮਾਏ = ਹੇ ਮਾਂ! ਪੁਰਬਿ = ਮਰਨ ਤੋਂ ਪਹਿਲੇ ਸਮੇ ਵਿਚ।

 



 



ਰਾਗ ਵਡਹੰਸ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਅਲਾਹਣੀਆਂ'। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ। ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਤੇ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। (ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ ਤਾਂ ਸਾਰੇ ਸੱਜਣ ਸੰਬੰਧੀ ਰੋਂਦੇ ਹਨ। ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ। (ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ। ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ॥੧॥


 


ਗੱਜ-ਵੱਜ ਕੇ ਫਤਹਿ ਬੁਲਾਓ ਜੀ

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!