ਗੂਜਰੀ ਅਸਟਪਦੀਆ ਮਹਲਾ ੧ ਘਰੁ ੧

ੴ ਸਤਿਗੁਰ ਪ੍ਰਸਾਦਿ ॥ ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥ ਚੇਤਹੁ ਬਾਸੁਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥ ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥ ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥ ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥ ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥ ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥ ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥


 



ਪਦ ਅਰਥ: ਏਕ ਨਗਰੀ = ਇਕੋ ਹੀ (ਸਰੀਰ-) ਸ਼ਹਰ ਵਿਚ। ਪੰਚ = ਪੰਜ। ਬਸੀਅਲੇ = ਵੱਸੇ ਹੋਏ ਹਨ। ਬਰਜਤ = ਰੋਕਦਿਆਂ ਰੋਕਦਿਆਂ, ਵਰਜਦਿਆਂ ਭੀ। ਧਾਵੈ = (ਹਰੇਕ ਚੋਰ ਚੋਰੀ ਕਰਨ ਲਈ) ਦੌੜ ਪੈਂਦਾ ਹੈ। ਤ੍ਰਿਹ = ਮਾਇਆ ਦੇ ਤਿੰਨ ਗੁਣ। ਦਸ = ਇੰਦ੍ਰੇ। ਮਾਲ = ਸਰਮਾਇਆ। ਨਾਨਕ = ਹੇ ਨਾਨਕ! ਸੋ = ਉਹ ਮਨੁੱਖ।੧। ਬਾਸੁਦੇਉ = ਸਰਬ = ਵਿਆਪਕ ਪ੍ਰਭੂ! ਬਨਮਾਲੀ = ਸਾਰੀ ਬਨਸਪਤੀ ਜਿਸ ਦੀ ਮਾਲਾ ਹੈ, ਪਰਮਾਤਮਾ। ਰਿਦੈ = ਹਿਰਦੇ ਵਿਚ। ਜਪ ਮਾਲੀ = ਮਾਲਾ।੧।ਰਹਾਉ। ਉਰਧ ਮੂਲ = (ਜੋ) ਉੱਚੀ ਜੜ੍ਹ ਵਾਲੀ (ਹੈ) ਉਹ ਮਾਇਆ ਜਿਸ ਦਾ ਮੂਲ = ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ। ਜਿਸੁ = ਜਿਸ ਮਾਇਆ ਦੀਆਂ। ਸਾਖ = ਟਹਿਣੀਆਂ, ਪਸਾਰਾ। ਤਲਾਹਾ = ਹੇਠਾਂ ਵਲ, ਮਾਇਆ ਦੇ ਅਸਰ ਹੇਠ। ਜਿਤੁ = ਜਿਸ (ਮਾਇਆ) ਵਿਚ, ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ। ਸਹਜ ਭਾਇ = ਸਹਜੇ ਹੀ, ਸੁਖੈਨ ਹੀ। ਜਾਇ = ਚਲੀ ਜਾਂਦੀ ਹੈ, ਪਰੇ ਹਟ ਜਾਂਦੀ ਹੈ। ਤੇ = (ਕਿਉਂਕਿ) ਉਹ ਬੰਦੇ। ਜਾਗੇ = ਜਾਗਦੇ ਰਹਿੰਦੇ ਹਨ, ਸੁਚੇਤ ਰਹਿੰਦੇ ਹਨ।੨। ਪਾਰਜਾਤੁ = ਸੁਰਗ ਦਾ ਇਕ ਰੁੱਖ ਜੋ ਸਾਰੀਆਂ ਕਾਮਨਾਂ ਪੂਰੀਆਂ ਕਰਨ ਦੇ ਸਮਰਥ ਮਿਥਿਆ ਗਿਆ ਹੈ, ਸਰਬ = ਇੱਛਾ = ਪੂਰਕ ਪ੍ਰਭੂ। ਘਰਿ = ਘਰ ਵਿਚ, ਹਿਰਦੇ ਵਿਚ। ਆਗਨਿ = ਵੇਹੜੇ ਵਿਚ। ਪੁਹਪ = ਫੁੱਲ। ਤਤੁ = ਸਾਰੇ ਜਗਤ ਦਾ ਮੂਲ। ਸੰਭੂ = {स्वयंभु} ਆਪਣੇ ਆਪ ਤੋਂ ਜਨਮਿਆ ਹੋਇਆ।੩। ਸਿਖਵੰਤੇ = ਹੇ ਸਿੱਖਿਆ ਲੈਣ ਵਾਲੇ! ਮਨਿ = ਮਨ ਵਿਚ। ਬੀਚਾਰਿ = ਵਿਚਾਰ ਵਿਚ। ਪੁਨਰਪਿ {पुनः अपि} ਮੁੜ ਮੁੜ। ਕਾਲਾ = ਕਾਲ, ਮੌਤ।੪।



ਅਰਥ: ਹੇ ਭਾਈ। ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ। ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਓ-(ਇਸ ਨੂੰ ਆਪਣੀ) ਮਾਲਾ (ਬਣਾਉ)।੧।ਰਹਾਉ। ਇਸ ਇਕੋ ਹੀ (ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ, ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ) ਚੁਰਾਣ ਲਈ ਉੱਠ ਦੌੜਦਾ ਹੈ। (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜੇਹੜਾ ਮਨੁੱਖ (ਇਹਨਾਂ ਪੰਜਾਂ ਤੋਂ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦ੍ਰਿਆਂ ਤੋਂ (ਆਪਣਾ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ! ਉਹ (ਇਹਨਾਂ ਤੋਂ) ਸਦਾ ਲਈ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ।੧। ਜਿਸ ਮਾਇਆ ਦਾ ਮੂਲ-ਪ੍ਰਭੂ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ, ਚਾਰੇ ਵੇਦ ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ ਲੱਗੇ ਰਹੇ ਹਨ, ਉਹ ਮਾਇਆ ਸਹਜੇ ਹੀ (ਉਹਨਾਂ ਬੰਦਿਆਂ ਤੋਂ) ਪਰੇ ਹਟ ਜਾਂਦੀ ਹੈ (ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ, ਕਿਉਂਕਿ) ਉਹ ਬੰਦੇ, ਹੇ ਨਾਨਕ! ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।੨। (ਇਹ ਸਾਰਾ ਜਗਤ ਜਿਸ ਪਾਰਜਾਤ-ਪ੍ਰਭੂ ਦਾ) ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ, ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ (ਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁੱਕ ਗਏ ਹਨ)। (ਹੇ ਭਾਈ! ਤੁਸੀ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ।੩। ਗੁਰੂ ਨਾਨਕ ਜੀ ਕਹਿੰਦੇ ਹਨ, ਹੇ (ਮੇਰੀ) ਸਿੱਖਿਆ ਸੁਣਨ ਵਾਲੇ ਭਾਈ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ-(ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ, ਇਸ ਤਰ੍ਹਾਂ ਤੂੰ) ਮਾਇਆ ਦੇ ਬੰਧਨ ਤਿਆਗ ਸਕੇਂਗਾ। ਜਿਸ ਮਨੁੱਖ ਦੇ ਮਨ ਵਿਚ ਸੋਚ-ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੁੰਦਾ।੪।


 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ!!