ਰਾਗੁ ਸੂਹੀ ਮਹਲਾ ੧ ਕੁਚਜੀ ੴ ਸਤਿਗੁਰ ਪ੍ਰਸਾਦਿ ॥ ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥

 



 



ਜੀ = ਕੁ-ਚੱਜੀ, ਕੋਝੇ ਚੱਜ ਵਾਲੀ, ਜਿਸ ਨੂੰ ਜੀਵਨ ਦੀ ਜਾਚ ਨਹੀਂ। ਮੰਞੁ = ਮੈਂ। ਅੰਮਾਵਣਿ = ਜੋ ਸਮਾ ਨਾਹ ਸਕਣ, ਬਹੁਤ। ਡੋਸੜੇ = ਕੋਝੇ ਦੋਸ, ਐਬ। ਹਉ = ਮੈਂ। ਕਿਉਂ = ਕਿਵੇਂ? ਸਹੁ = ਖਸਮ। ਰਾਵਣਿ = ਮਾਣਨ ਲਈ। ਜਾਉ = ਮੈਂ ਜਾਵਾਂ। ਇਕ ਦੂ = ਇਕ ਤੋਂ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚੜੰਦੀਆ = ਵਧੀਆ। ਜਿਨ੍ਹ੍ਹੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸੇ = ਉਹ ਸਹੇਲੀਆਂ। ਅੰਬੀ ਛਾਵੜੀਏਹਿ = ਅੰਬਾਂ ਦੀਆਂ (ਠੰਢੀਆਂ) ਛਾਵਾਂ ਹੇਠ {ਨੋਟ: ਇਉਂ ਜਾਪਦਾ ਹੈ ਜਿਵੇਂ ਇਹ ਛੰਤ ਗਰਮੀ ਦੀ ਰੁੱਤੇ ਉਚਾਰਿਆ ਹੈ ਜਦੋਂ ਚੁਮਾਸੇ ਦੇ ਦਿਨੀਂ ਕਿਸਾਨ ਹਲ ਆਦਿਕ ਦਾ ਕੰਮ ਮੁਕਾ ਕੇ ਦੁਪਹਿਰਾਂ ਵੇਲੇ ਰੁੱਖਾਂ ਹੇਠ ਆਰਾਮ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਉਹ ਇਲਾਕਾ ਹੈ ਜਿਥੇ ਅੰਬ ਬਹੁਤ ਹਨ, ਜ਼ਿਲ੍ਹਾ ਗੁਰਦਾਸਪੁਰ}। ਮੰਞੁ = ਮੇਰੇ ਵਿਚ। ਆਵਨੀ = ਆਵਨਿ, ਆਉਂਦੇ। ਕੈ = ਕਿਸ ਉਤੇ?



 

ਰਾਗ ਸੂਹੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਕੁਚੱਜੀ' ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ। ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ। ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ?

 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!