ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥


 



ਸੰਦੇਸਰੋ = ਪਿਆਰਾ ਸੰਦੇਸ਼। ਕਹੀਅਉ = ਦੱਸੋ। ਪ੍ਰਿਅ ਸੰਦੇਸਰੋ = ਪਿਆਰੇ ਦਾ ਮਿੱਠਾ ਸੁਨੇਹਾ। ਬਿਸਮੁ = ਹੈਰਾਨ। ਭਈ = ਹੋ ਗਈ। ਬਹੁ ਬਿਧਿ = ਕਈ ਕਿਸਮਾਂ। ਕਹਹੁ = ਦੱਸੋ। ਸਹੀਅਉ = ਹੇ ਸਹੇਲੀਹੋ!।੧।ਰਹਾਉ।ਕੋ = ਕੋਈ। ਕਹਤੋ = ਆਖਦਾ ਹੈ। ਮਹੀਅਉ = ਵਿਚ, ਮਾਹਿ। ਬਰਨੁ = ਰੰਗ {वर्ण}। ਦੀਸੈ = ਦਿੱਸਦਾ। ਚਿਹਨੁ = ਨਿਸ਼ਾਨ, ਲੱਛਣ। ਲਖੀਐ = ਨਜ਼ਰ ਆਉਂਦਾ। ਸੁਹਾਗਨਿ = ਹੇ ਸੁਹਾਗਣੋ! ਸਾਤਿ = ਸਤਿ, ਸੱਚ। ਬੁਝਹੀਅਉ = ਸਮਝਾਓ।੧।ਨਿਵਾਸੀ = ਨਿਵਾਸ ਰੱਖਣ ਵਾਲਾ। ਘਟਿ ਘਟਿ = ਹਰੇਕ ਸਰੀਰ ਵਿਚ। ਵਾਸੀ = ਵੱਸਣ ਵਾਲਾ। ਲੇਪੁ = (ਮਾਇਆ ਦਾ) ਅਸਰ। ਅਲਪਹੀਅਉ = ਅਲਪ ਭੀ, ਰਤਾ ਭਰ ਭੀ। ਨਾਨਕੁ ਕਹਤ = ਨਾਨਕ ਆਖਦਾ ਹੈ। ਹੇ ਲੋਗਾ = ਹੇ ਲੋਕੋ! ਸੰਤ ਰਸਨ ਕੋ = ਸੰਤ ਕੋ ਰਸਨ, ਸੰਤਾਂ ਦੀ ਜੀਭ ਉਤੇ। ਬਸਹੀਅਉ = ਵੱਸਦਾ ਹੈ।੨।

 



ਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੁਹਾਗਵਤੀ ਸਹੇਲੀਹੋ! (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ। ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ।੧।ਰਹਾਉ। ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ। ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ।੧। ਗੁਰੂ ਨਾਨਕ ਜੀ ਆਖਦੇ ਹਨ-ਹੇ ਲੋਕੋ! ਸੁਣੋ। ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ। ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ)।੨।੧।੨।








( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!