ਗੂਜਰੀ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥ ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥
ਕਿਰਿਆਚਾਰ = ਕਿਰਿਆ ਆਦਾਰ, ਧਾਰਮਿਕ ਰਸਮਾਂ ਦਾ ਕਰਨਾ, ਕਰਮ ਕਾਂਡ। ਕਰਹਿ = ਕਰਦੇ ਹਨ। ਖਟੁ = ਛੇ। ਖਟੁ ਕਰਮਾ = ਛੇ ਧਾਰਮਿਕ ਕੰਮ (ਇਸ਼ਨਾਨ, ਸੰਧਿਆ, ਜਪ, ਹੋਮ, ਅਤਿਥੀ = ਪੂਜਾ, ਦੇਵ-ਪੂਜਾ)। ਇਤੁ = ਇਸ ਆਹਰ ਵਿਚ। ਸੰਸਾਰੀ = ਦੁਨੀਆਦਾਰ। ਠਾਕੁਰ = ਹੇ ਠਾਕੁਰ! ਧਾਰੀ = ਧਾਰਿ, ਧਾਰ ਕੇ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਕੋਊ = ਕੋਈ ਭੀ। ਕਰਿ ਬੀਚਾਰੀ = ਵਿਚਾਰ ਕਰ ਕੇ ॥੨॥
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ। ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥ ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤ ਤੋਂ) ਬਚਾਈ ਰੱਖ। (ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ॥ ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ॥ ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀਂ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!