ਸਲੋਕ ਮਃ ੧ ॥
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥ ਜੋਗੀ ਸੁੰਨਿ ਧਿਆਵਨ੍ਹ੍ਹਿ ਜੇਤੇ ਅਲਖ ਨਾਮੁ ਕਰਤਾਰੁ ॥ ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥ ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥ ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥ ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥
 
ਪਦਅਰਥ:- ਬੰਦੇ ਸੇ—(ਸ਼ਰਹ ਅਨੁਸਾਰ ਇਹ ਵੀਚਾਰ ਕਰਦੇ ਹਨ ਕਿ) ਬੰਦੇ ਉਹੀ ਹਨ। ਬੰਦੀ—(ਸ਼ਰਹ ਦੀ) ਬੰਦਸ਼। ਦਰਸਨ—ਸ਼ਾਸਤਰ। ਸਾਲਾਹਨਿ—ਸਲਾਹ ਕਰਦੇ ਹਨ। ਦਰਸਨਿ—ਸ਼ਾਸਤਰ ਦੁਆਰਾ। ਸਾਲਾਹੀ—ਸਾਲਾਹੁਣ-ਜੋਗ ਹਰੀ ਨੂੰ। ਰੂਪਿ—ਸੁੰਦਰ। ਤੀਰਥਿ—ਤੀਰਥ ਉੱਤੇ। ਅਰਚਾ—ਆਦਰ ਸਤਕਾਰ, ਪੂਜਾ। ਅਗਰਵਾਸੁ—ਚੰਦਨ ਦੀ ਵਾਸ਼ਨਾ। ਬਹਕਾਰੁ—ਮਹਿਕਾਰ, ਖ਼ੁਸ਼ਬੋ। ਸੁੰਨਿ—ਸੁੰਨ ਵਿਚ, ਅਫੁਰ ਅਵਸਥਾ ਵਿਚ। ਸੂਖਮ ਮੂਰਤਿ—ਰੱਬ ਦਾ ਉਹ ਸਰੂਪ ਜਿਹੜਾ ਇਹਨਾਂ ਅਸਥੂਲ ਇੰਦਰਿਆਂ ਨਾਲ ਨਹੀਂ ਵੇਖਿਆ ਜਾ ਸਕਦਾ। ਸਤੀ—ਦਾਨੀ ਮਨੁੱਖ। ਦੇਣੈ ਕੇ ਵੀਚਾਰਿ—(ਕਿਸੇ ਨੂੰ ਕੁਝ) ਦੇਣ ਦੇ ਖ਼ਿਆਲ ਵਿਚ। ਸੰਤੋਖੁ—ਖ਼ੁਸ਼ੀ, ਉਤਸ਼ਾਹ। ਸਹਸਾ ਗੂਣਾ—(ਆਪਣੇ ਦਿੱਤੇ ਹੋਏ ਨਾਲੋਂ) ਹਜ਼ਾਰ ਗੁਣਾ (ਵਧੀਕ)। ਜਾਰਾ—ਪਰ ਇਸਤ੍ਰੀ-ਗਾਮੀ। ਤੈ—ਅਤੇ। ਕੂੜਿਆਰ—ਝੂਠ ਬੋਲਣ ਵਾਲੇ। ਖਰਾਬ—ਭੈੜੇ। ਵੇਕਾਰ—ਮੰਦ ਕਰਮੀ। ਇਕਿ—ਕਈ ਮਨੁੱਖ। ਹੋਦਾ—ਕੋਲ ਹੁੰਦੀ ਵਸਤ। ਐਥਾਊ—ਏਥੋਂ, ਇਸ ਜਗਤ ਤੋਂ। ਖਾਇ ਚਲਹਿ—ਖਾ ਕੇ ਤੁਰ ਪੈਂਦੇ ਹਨ। ਤਿਨਾ ਭਿ—ਉਹਨਾਂ ਨੂੰ ਭੀ। ਕਾਈ ਕਾਰ—ਕੋਈ ਨ ਕੋਈ ਸੇਵਾ। ਜਲਿ—ਜਲ ਵਿਚ। ਜੀਆ—ਜੀਵ। ਲੋਅ—ਲੋਕ। ਆਕਾਰਾ ਆਕਾਰ—ਸਾਰੇ ਦ੍ਰਿਸ਼ਟਮਾਨ ਬ੍ਰਹਿਮੰਡਾਂ ਦੇ। ਓਇ—ਉਹ ਸਾਰੇ ਜੀਵ। ਜਿ—ਜੋ ਕੁਝ। ਤੂੰ ਹੈ—ਤੂੰ ਹੀ, (ਹੇ ਪ੍ਰਭੂ!)। ਸਾਰ—ਬਲ, ਤਾਕਤ, ਆਸਰਾ। ਭੁਖ ਸਾਲਾਹਣੁ—ਸਿਫ਼ਤਿ-ਸਾਲਾਹ ਰੂਪੀ ਭੁੱਖ। ਆਧਾਰੁ—ਆਸਰਾ। ਪਾ ਛਾਰੁ—ਪੈਰਾਂ ਦੀ ਖ਼ਾਕ।1।
 
ਅਰਥ:- ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ (ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ। ਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ, ਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ। ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ ‘ਅਲਖ, ਅਲਖ’ ਉਸ ਦਾ ਨਾਮ ਉਚਾਰਦੇ ਹਨ। (ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ। ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁਝ ਦੇਣ ਦੀ ਵਿਚਾਰ ਕਰਦੇ ਹਨ; (ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ। (ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ, ਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ। ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ,ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ—ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ। ਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ। ਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ।1।
 
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!