ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ ਮਹਲਾ ੨ ॥ ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ ਮਹਲਾ ੨ ॥ ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥     

Continues below advertisement


ਪਦਅਰਥ:- ਨਾਲੇ—ਚਾਕਰੀ ਦੇ ਨਾਲ, ਭਾਵ, ਚਾਕਰੀ ਭੀ ਕਰੇ ਤੇ ਨਾਲੇ। ਗਾਰਬੁ—(ਸ਼ਬਦ ‘ਗਰਬੁ’ ਤੋਂ ਵਿਸ਼ੇਸ਼ਣ ਹੈ) ਗਰਬ ਵਾਲਾ, ਅਹੰਕਾਰ ਵਾਲਾ, ਅਹੰਕਾਰ-ਭਰਿਆ। ਵਾਦੁ—ਝਗੜਾ। ਸਾਦੁ—ਪ੍ਰਸੰਨਤਾ, ਖ਼ੁਸ਼ੀ। ਆਪੁ—ਆਪਣੇ ਆਪ ਨੂੰ, ਅਪਣੱਤ, ਹਉਮੈ, ਅਹੰਕਾਰ। ਤਾ—ਤਦੋਂ। ਜਿਸ ਨੋ ਲਗਾ—ਜਿਸ ਮਾਲਕ ਦੀ ਸੇਵਾ ਕਰਦਾ ਹੈ। ਤਿਸੁ—ਉਸ ਮਾਲਕ ਨੂੰ। ਲਗਾ ਸੋ—ਸੋ (ਮਨੁੱਖ) ਲੱਗਾ ਹੋਇਆ, ਸੋ ਲੱਗਾ ਹੋਇਆ ਮਨੁੱਖ, ਮਾਲਕ ਦੀ ਸੇਵਾ ਕਰਦਾ ਉਹ ਮਨੁੱਖ।1। ਪਦਅਰਥ:- ਜੀਇ—ਜੀਉ ਵਿਚ; ਜੀ ਵਿਚ, ਮਨ ਵਿਚ। ਮੁਹ ਕਾ ਕਹਿਆ—ਮੂੰਹ ਦਾ ਆਖਿਆ ਹੋਇਆ, ਜ਼ਬਾਨੀ ਆਖਿਆ ਹੋਇਆ ਬਚਨ। ਵਾਉ—ਹਵਾ, ਪੌਣ, ਭਾਵ, ਪੌਣ ਵਾਂਗ ਓਪਰਾ ਓਪਰਾ। ਵੇਖਹੁ ਏਹੁ ਨਿਆਉ—ਇਸ ਇਨਸਾਫ਼ ਨੂੰ ਵੇਖੋ; ਇਹ ਕਿਹੜੀ ਇਨਸਾਫ਼ ਦੀ ਗੱਲ ਹੈ? ਇਹ ਅਚਰਜ ਨਿਆਂ ਦੀ ਗੱਲ ਹੈ।2।   ਜੇਹਾ ਜਾਣੈ—ਜਿਹੋ ਜਿਹੀ ਉਸ ਅੰਞਾਣ ਦੀ ਸਮਝ ਹੁੰਦੀ ਹੈ। ਤੇਹੋ ਵਰਤੈ—ਉਹੋ ਜਿਹਾ ਉਹ ਕੰਮ ਕਰਦਾ ਹੈ। ਕੋ—ਕੋਈ ਮਨੁੱਖ। ਨਿਰਜਾਸਿ—ਨਿਰਣਾ ਕਰ ਕੇ, ਪਰਖ ਕਰ ਕੇ। ਸਮਾਵੈ—ਪੈ ਸਕਦੀ ਹੈ, ਸਮਾ ਸਕਦੀ ਹੈ। ਪਾਸਿ—ਲਾਂਭੇ, ਪਾਸੇ, ਵੱਖਰੀ। ਸਾਹਿਬ ਸੇਤੀ—ਮਾਲਕ ਦੇ ਨਾਲ। ਬਣੈ—ਫਬਦੀ ਹੈ। ਕੂੜਿ ਕਮਾਣੈ—ਛਲ ਕੀਤਿਆਂ, ਠੱਗੀ ਦੀ ਕਮਾਈ ਕੀਤਿਆਂ, ਧੋਖੇ ਦਾ ਕੰਮ ਕੀਤਿਆਂ। ਵਿਗਾਸਿ—ਵਿਗਸੀਦਾ ਹੈ, ਅੰਦਰ ਉਮਾਹ ਪੈਦਾ ਹੁੰਦਾ ਹੈ, ਅੰਦਰ ਖਿੜ ਆਉਂਦਾ ਹੈ।3।      
ਅਰਥ:- ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ।   ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ, ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ।1। ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ), (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ। ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ।2।  ਕੋਈ ਭੀ ਮਨੁੱਖ ਪਰਖ ਕੇ ਵੇਖ ਲਏ, ਕਿਸੇ ਅੰਞਾਣ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਨਹੀਂ ਚੜ੍ਹਦੀ, ਕਿਉਂਂਕਿ ਉਸ ਅੰਞਾਣ ਦਾ ਰਵੱਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਹੀ ਉਸ ਦੀ ਸਮਝ ਹੁੰਦੀ ਹੈ; (ਇਸੇ ਤਰ੍ਹਾਂ ਇਸ ਮੂਰਖ ਮਨ ਦੇ ਆਖੇ ਲੱਗਿਆਂ ਕਦੇ ਲਾਭ ਨਹੀਂ ਹੁੰਦਾ, ਇਹ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵਲ ਹੀ ਲਈ ਫਿਰਦਾ ਹੈ)।   ਕਿਸੇ ਇਕ ਚੀਜ਼ ਵਿਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ; (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਤਬਦੀਲ ਕੀਤਾ ਜਾਏ)।   ਖਸਮ ਨਾਲ ਹੁਕਮ ਕੀਤਾ ਹੋਇਆ ਕਾਮਯਾਬ ਨਹੀਂ ਹੋ ਸਕਦਾ, ਉਸ ਦੇ ਅੱਗੇ ਤਾਂ ਨਿਮ੍ਰਤਾ ਹੀ ਫਬਦੀ ਹੈ।   ਹੇ ਨਾਨਕ! ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ, (ਭਾਵ, ਜਿਤਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਵਿਚ ਲੱਗਾ ਰਹਿੰਦਾ ਹੈ, ਉਤਨਾ ਚਿਰ ਚਿੰਤਾ ਵਿਚ ਹੀ ਫਸਿਆ ਰਹਿੰਦਾ ਹੈ, ਮਨ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਖਿੜਾਉ ਵਿਚ ਆਉਂਦਾ ਹੈ।3।