ਸੋਰਠਿ ਮਹਲਾ ੫ ॥
ਨਾਲਿ ਨਰਾਇਣੁ ਮੇਰੈ ॥ ਜਮਦੂਤੁ ਨ ਆਵੈ ਨੇਰੈ ॥ ਕੰਠਿ ਲਾਇ ਪ੍ਰਭ ਰਾਖੈ ॥ ਸਤਿਗੁਰ ਕੀ ਸਚੁ ਸਾਖੈ ॥੧॥ ਗੁਰਿ ਪੂਰੈ ਪੂਰੀ ਕੀਤੀ ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥ ਪ੍ਰਭਿ ਸਗਲੇ ਥਾਨ ਵਸਾਏ ॥ ਸੁਖਿ ਸਾਂਦਿ ਫਿਰਿ ਆਏ ॥ ਨਾਨਕ ਪ੍ਰਭ ਸਰਣਾਏ ॥ ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥
 
ਪਦਅਰਥ:- ਨਰਾਇਣੁ—{nwr-AXn} ਪਰਮਾਤਮਾ। ਕੰਠਿ—ਗਲ ਨਾਲ। ਲਾਇ—ਲਾ ਕੇ। ਸਾਖੈ—ਸਾਖੀ, ਸਿੱਖਿਆ। ਸਚੁ—ਸਦਾ-ਥਿਰ ਪ੍ਰਭੂ ਦਾ ਨਾਮ।1। ਗੁਰਿ—ਗੁਰੂ ਨੇ। ਪੂਰੀ—ਸਫਲਤਾ। ਦੁਸਮਨ—(ਕਾਮਾਦਿਕ) ਵੈਰੀ। ਮਾਰਿ—ਮਾਰ ਕੇ। ਵਿਡਾਰੇ—ਨਾਸ ਕਰ ਦਿੱਤੇ। ਕਉ—ਨੂੰ।1। ਰਹਾਉ। ਪ੍ਰਭਿ—ਪ੍ਰਭੂ ਨੇ। ਸਗਲੇ ਥਾਨ—ਸਾਰੇ ਥਾਂ, ਸਾਰੇ ਗਿਆਨ-ਇੰਦ੍ਰੇ। ਵਸਾਏ—ਆਤਮਕ ਗੁਣਾਂ ਨਾਲ ਵਸਾ ਦਿੱਤੇ। ਸੁਖਿ ਸਾਂਦਿ—ਆਤਮਕ ਆਨੰਦ ਵਿਚ, ਸ਼ਾਂਤ ਅਵਸਥਾ ਵਿਚ। ਆਏ—ਆ ਟਿਕੇ। ਜਿਨਿ—ਜਿਸ ਪ੍ਰਭੂ ਨੇ।2।
 
ਅਰਥ:- ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ, ਪ੍ਰਭੂ ਨੇ (ਕਾਮਾਦਿਕ ਉਸ ਦੇ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ।1। ਰਹਾਉ। ਹੇ ਭਾਈ! ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਸ ਰਿਹਾ) ਹੈ। (ਉਸ ਦੀ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹੀਂ ਢੁੱਕਦਾ (ਮੈਨੂੰ ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਿਹਾ)। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ, ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ।1। (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ-ਸਫਲਤਾ ਬਖ਼ਸ਼ੀ) ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ-ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ, ਉਹ ਮਨੁੱਖ (ਕਾਮਾਦਿਕ ਵਲੋਂ) ਪਰਤ ਕੇ ਆਤਮਕ ਆਨੰਦ ਵਿਚ ਆ ਟਿਕੇ। ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਪਿਆ ਰਹੁ, ਜਿਸ ਨੇ (ਸ਼ਰਨ ਪਿਆਂ ਦੇ) ਸਾਰੇ ਰੋਗ ਦੂਰ ਕਰ ਦਿੱਤੇ।2। 24। 88।
 
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
 
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।