ਸਲੋਕੁ ਮਃ ੩ ॥

ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ਮਃ ੩ ॥ ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ ਪਉੜੀ ॥ ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥॥

 

ਅਰਥ:ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ । ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ) । ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ।੧। ਮਃ ੩ ॥ ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ; ਉਹਨਾਂ ਅੰਦਰੋਂ ਤੇ ਬਾਹਰੋਂ ਅੰਨ੍ਹਿਆਂ ਨੂੰ ਕੋਈ ਸਮਝ ਨਹੀਂ ਆਉਂਦੀ । (ਪਰ) ਹੇ ਪੰਡਿਤ! ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ, ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ । ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ; ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ; ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ । ਗੁਰੂ ਨਾਨਕ ਜੀਆਪਣੇ ਆਪ ਨੂੰ ਕਿਹੰਦੇ ਹਨ, ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ ।੨। ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ। ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ।ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ।੧੨।

 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ!!