ਸੂਹੀ ਮਹਲਾ ੧ ॥

ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥ ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥ ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥ ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥ ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥

 

ਰਾਤਾ = {रत्रत्र्} ਰੰਗਿਆ ਹੋਇਆ। ਰਵੈ = ਚੇਤੇ ਕਰਦਾ ਹੈ, ਸਿਮਰਦਾ ਹੈ। ਮਨਿ = ਮਨ ਵਿਚ। ਸੋਈ = ਉਹੀ, ਉਹ ਪ੍ਰਭੂ ਹੀ। ਪਉੜੀ ਸਾਚ ਕੀ = ਸਦਾ-ਥਿਰ ਪ੍ਰਭੂ ਤਕ ਅਪੜਾਣ ਵਾਲੀ ਪੌੜੀ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੁਖੁ = ਆਤਮਕ ਆਨੰਦ। ਸੁਖਿ = ਆਤਮਕ ਆਨੰਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਆਵੈ = ਆਉਂਦਾ ਹੈ, ਪਹੁੰਚਦਾ ਹੈ। ਸਾਚ ਭਾਵੈ = ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ {ਨੋਟ: ਕਈ ਬੀੜਾਂ ਵਿਚ ਪਾਠ "ਸਾਚੁ" ਹੈ। ਇਸ ਤਰ੍ਹਾਂ ਅਰਥ ਬਣਦਾ ਹੈ: ਉਸ ਬੰਦੇ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ। ਪਰ ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਪਾਠ "ਸਾਚ" ਹੈ}। ਸਾਚ ਕੀ ਮਤਿ = ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਮੱਤ। ਕਿਉ ਟਲੈ = ਨਹੀਂ ਹਟਦੀ, ਅਟੱਲ ਹੋ ਜਾਂਦੀ ਹੈ। ਸੁਗਿਆਨੁ = ਚੰਗਾ ਗਿਆਨ, ਗਿਆਨ ਦੀਆਂ ਗੱਲਾਂ ਕਰ ਸਕਣ ਦੀ ਚੰਗੀ ਸਮਰੱਥਾ। ਮਜਨੁ = ਤੀਰਥ-ਇਸ਼ਨਾਨ {मज्जन}। ਅਛਲਿਓ = ਜੇਹੜਾ ਠੱਗਿਆ ਨਾਹ ਜਾ ਸਕੇ। ਕਿਉ ਛਲੈ = ਠੱਗ ਨਹੀਂ ਸਕਦਾ, ਖ਼ੁਸ਼ ਨਹੀਂ ਕਰ ਸਕਦਾ। ਪਰਪੰਚ = ਧੋਖੇ। ਥਾਕੇ = ਰਹਿ ਜਾਂਦੇ ਹਨ, ਮੁੱਕ ਜਾਂਦੇ ਹਨ। ਦੋਈ = ਦ੍ਵੈਤ, ਮੇਰ-ਤੇਰ। ਕਪਟੁ = ਠੱਗੀ।

(ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ। ਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ। ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮੱਤ ਅਟੱਲ ਹੋ ਜਾਂਦੀ ਹੈ। ਪਰਮਾਤਮਾ ਅਟੱਲ ਹੈ। (ਜੇ ਗੁਣ ਗਾਵਣ ਵਾਲੀ ਮੱਤ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ। (ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ। ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ। (ਪ੍ਰਭੂ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪ੍ਰਭੂ ਦੇ) ਗੁਣ ਗਾਂਵਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ॥੧॥


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!