ਅੰਮ੍ਰੀਤਸਰ: ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜ਼ਾਵਟ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇਗੀ। ਵੱਖ-ਵੱਖ ਤਰ੍ਹਾਂ ਦੇ ਦੇਸੀ ਤੇ ਵਿਦੇਸ਼ੀ ਫੁੱਲ ਸਜਾਵਟ ਲਈ ਵਰਤੇ ਜਾ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਇਕਬਾਲ ਸਿੰਘ ਮੁੰਬਈ ਵੱਲੋਂ ਫੁੱਲਾਂ ਦੀ ਸੇਵਾ ਆਰੰਭੀ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਜਾਵਟ ਲਈ 15 ਟਨ ਤੋਂ ਵੱਧ ਫੁੱਲ ਲਗਾਏ ਜਾਣਗੇ। ਇਨ੍ਹਾਂ ਫੁੱਲਾਂ ਵਿਚ ਆਰਕਿਡ, ਲਿਲੀਅਮ, ਕਾਰਨੇਸ਼ਨ, ਟਾਇਗਰ ਆਰਕਿਡ, ਸਿੰਗਾਪੁਰੀ ਡਰਾਫਟ, ਸੁਗੰਧੀ ਭਰਪੂਰ ਸੋਨ ਚੰਪਾ, ਗੁਲਾਬ, ਸਟਾਰ, ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਥੋਨੀਅਮ, ਹਾਈਡੇਂਜਰ ਵਿਸ਼ੇਸ਼ ਹਨ।
ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ਵਿੱਚ ਕਲਕੱਤਾ, ਮੁੰਬਈ, ਪੂਨਾ, ਬੈਂਗਲੋਰ, ਹਾਲੈਂਡ, ਥਾਈਲੈਂਡ, ਮਲੇਸ਼ੀਆਂ ਮੁੱਖ ਹਨ। ਫੁੱਲ ਲਗਾਉਣ ਲਈ ਕਲਕੱਤਾ ਤੋਂ ਸੌ ਦੇ ਕਰੀਬ ਕਾਰੀਗਰ ਕੰਮ ਰਹੇ ਹਨ। ਇਸ ਤੋਂ ਇਲਾਵਾ ਮੁੰਬਈ ਤੋਂ ਵੀ ਇਕ ਸੌ ਤੋਂ ਵੱਧ ਸੰਗਤਾਂ ਸਹਿਯੋਗ ਲਈ ਪੁੱਜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਫੁੱਲ ਲਗਾਉਣ ਦੀ ਆਰੰਭਤਾ ਅੱਜ ਕਰ ਦਿੱਤੀ ਗਈ ਹੈ, ਜੋ ਭਲਕੇ ਤੱਕ ਮੁਕੰਮਲ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੀਆਂ ਤਿਆਰੀ ਮੁਕੰਮਲ ਹਨ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਇਥੇ ਪੁੱਜਣ ਵਾਲੀਆਂ ਸੰਗਤਾਂ ਲਈ ਫੁੱਲਾਂ ਦੀ ਸਜਾਵਟ ਅਕਰਸ਼ਣ ਬਣੇਗੀ। ਇਹ ਸਜਾਵਟ ਜਿੱਥੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਰਿਕਰਮਾ ਵਿੱਚ ਸਥਿਤ ਹੋਰ ਅਸਥਾਨਾਂ ਵਿਖੇ ਕੀਤੀ ਜਾਵੇਗੀ, ਉਥੇ ਹੀ ਨਗਰ ਕੀਰਤਨ ਦੌਰਾਨ ਗੱਡੀਆਂ ਵੀ ਇਨ੍ਹਾਂ ਫੁੱਲਾਂ ਨਾਲ ਹੀ ਸ਼ਿੰਗਾਰੀਆਂ ਜਾਣਗੀਆਂ।