ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਪੂਰੇ ਜਾਹੋ-ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਹਰਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਵਿੱਤਰ ਜਲੌਅ ਸਜਾਏ ਗਏ। ਛੇਵੀਂ ਪਾਤਸ਼ਾਹੀ ਤੇ ਮੀਰੀ ਪੀਰੀ ਦੇ ਮਾਲਿਕ ਸ੍ਰੀ ਹਰਗੋਬਿੰਦ ਸਾਹਿਬ ਜੀ ਬਿਕਰਮੀ 1663 ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਗੁਰਤਾਗੱਦੀ ਤੇ ਬਿਰਾਜਮਾਨ ਹੋਏ ਸਨ। ਉਸ ਦਿਨ ਤੋਂ ਸਿੱਖ ਕੌਮ ਇਸ ਇਤਿਹਾਸਕ ਦਿਨ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੀ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਸਿੱਖ ਕੌਮ ਨੂੰ ਵਧਾਈ ਦਿੱਤੀ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾਗੱਦੀ 'ਤੇ ਬਿਰਾਜਮਾਨ ਕਰਾਏ ਜਾਣ ਮੌਕੇ ਬਾਬਾ ਬੁੱਢਾ ਜੀ ਨੇ ਗ਼ਲਤੀ ਨਾਲ ਇੱਕ ਤਲਵਾਰ ਉਲਟੇ ਪਾਸੇ ਧਾਰਨ ਕਰਵਾ ਦਿੱਤੀ। ਬਾਬਾ ਬੁੱਢਾ ਜੀ ਨੂੰ ਜਦ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਹ ਉਸ ਤਲਵਾਰ ਨੂੰ ਉਤਾਰਨ ਲੱਗੇ ਤਾਂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਜੋ ਕੀਤਾ ਉਹ ਠੀਕ ਹੈ। ਉਨ੍ਹਾਂ ਇੱਕ ਹੋਰ ਤਲਵਾਰ ਧਾਰਨ ਕਰਨ 'ਤੇ ਕਿਹਾ ਕਿ ਇਹ ਦੋਨੋਂ ਤਲਵਾਰਾਂ ਮੀਰੀ ਤੇ ਪੀਰੀ ਦਾ ਸਿਧਾਂਤ ਹਨ। ਹੁਣ ਸਿੱਖਾਂ ਨੂੰ ਸ਼ਸ਼ਤਰਧਾਰੀ ਹੋ ਕੇ ਸੰਤ ਸਿਪਾਹੀ ਬਣਨਾ ਪਵੇਗਾ। ਉਸ ਮੌਕੇ ਉਨ੍ਹਾਂ ਕੌਮ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੇ ਨਾਲ-ਨਾਲ ਜ਼ੁਲਮ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕੀਤਾ। ਇਸ ਦੇ ਚੱਲਦੇ ਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮੁਗ਼ਲਾਂ ਨਾਲ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਇਸ ਇਤਿਹਾਸਿਕ ਦਿਨ ਮੌਕੇ ਪਵਿੱਤਰ ਜਲੌਅ ਸਾਹਿਬ ਸਜਾਏ ਗਏ। ਇਸ ਵਿੱਚ ਸੰਗਤ ਨੂੰ ਬੇਸ਼ਕੀਮਤੀ ਹੀਰੇ ਜਵਾਹਰਾਤ, ਸੋਨੇ-ਚਾਂਦੀ ਦੇ ਬਰਤਨ ਤੇ ਇਤਹਾਸਿਕ ਸ਼ਾਸ਼ਤਰਾਂ ਦੇ ਦਰਸ਼ਨ ਕਰਾਏ ਗਏ। ਧਾਰਮਿਕ ਸਮਾਗਮ ਵੀ ਹੋਏ ਜਿਸ ਵਿੱਚ ਢਾਡੀ ਜਥਿਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।