ਬਠਿੰਡਾ: ਬੀਤੇ ਦਿਨ ਅਫ਼ਸਰਸ਼ਾਹੀ ਬਾਰੇ ਵਿਵਾਦਤ ਬਿਆਨ ਦੇਣ ਬਾਅਦ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਇੱਕ ਵਾਰ ਫਿਰ ਤੋਂ ਸੁਰਖ਼ੀਆਂ ਵਿੱਚ ਆ ਗਏ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਬਾਰੇ ਕਿਹਾ ਕਿ ਰਾਜਾ ਵੜਿੰਗ ਵਿੱਚ ਹਾਲੇ ਬਚਪਨਾ ਹੈ। ਇਸ ਲਈ ਉਹ ਗਲਤ ਬਿਆਨਬਾਜ਼ੀ ਕਰ ਰਹੇ ਹਨ। ਯਾਦ ਰਹੇ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਿਹੜਾ ਥਾਣੇਦਾਰ ਲੋਕਾਂ ਦੀ ਗੱਲ ਨਹੀਂ ਸੁਣਦਾ, ਉਹ ਪੰਜਾਂ ਮਿੰਟਾਂ ਵਿੱਚ ਸਿੱਧਾ ਹੋ ਜਾਏਗਾ। ਐਸਾ ਕਿਹੜਾ ਅਫਸਰ ਜਿਹਨੂੰ ਆਪਾਂ ਬਾਂਹ ਫੜ ਕੇ ਬਾਹਰ ਨਹੀਂ ਕਰ ਸਕਦੇ?

ਦਰਅਸਲ ਬਾਦਲ ਹਲਕਾ ਲੰਬੀ ਦੇ ਪਿੰਡਾਂ ਵਿੱਚ ਧੰਨਵਾਦੀ ਦੌਰਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਅਫ਼ਸਰ ਤਾਂ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ 'ਤੇ ਕਿਸੇ ਕਿਸਮ ਦਾ ਦਬਾਅ ਨਹੀਂ ਹੋਣਾ ਚਾਹੀਦਾ ਬਲਕਿ ਉਨ੍ਹਾਂ ਨੂੰ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਉਹ ਇਨਸਾਫ ਕਰਨ।

ਇਸ ਦੇ ਨਾਲ ਹੀ ਧੂਰੀ ਵਿੱਚ ਪੰਜ ਸਾਲਾ ਨਾਬਾਲਗ ਬੱਚੀ ਨਾਲ ਬਲਾਤਕਾਰ ਦੀ ਘਟਨਾ ਬਾਰੇ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਦੇ ਪਾਰਟੀ ਪ੍ਰਧਾਨ ਵੀ ਹਾਰ ਗਏ ਹਨ। ਸੂਬੇ ਦਾ ਰੱਬ ਹੀ ਰਾਖਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਗਠਜੋੜ ਦੇ ਮੁੜ ਇੱਕਜੁੱਟ ਹੋਣ ਦੀਆਂ ਚਰਚਾਵਾਂ 'ਤੇ ਬਾਦਲ ਨੇ ਕਿਹਾ ਕਿ ਜੋ ਇੱਕ ਵਾਰ ਲੀਰ ਹੋ ਗਿਆ, ਹੁਣ ਉਹ ਇੱਕ ਕਿਵੇਂ ਹੋਏਗਾ? ਇਸ ਦੇ ਨਾਲ ਹੀ ਨਵਜੋਤ ਸਿੱਧੂ ਤੇ ਕਾਂਗਰਸ ਦੇ ਚੱਲ ਰਹੇ ਕਲੇਸ਼ ਬਾਰੇ ਕਿਹਾ ਕਿ ਸਿੱਧੂ ਤਾਂ ਇੱਕ ਖਿਡਾਰੀ ਸੀ ਜਿਸ ਨੂੰ ਬੀਜੇਪੀ ਨੇ ਸਨਮਾਨ ਦਿੱਤਾ। ਆਪਣੀ ਪਾਰਟੀ ਦੇ ਗੁਣਗਾਨ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦੇ ਪਿਤਾ ਵੀ ਅਕਾਲੀ ਦਲ ਵਿੱਚ ਸਨ। ਦਲ ਬਦਲੂਆਂ ਦਾ ਕੋਈ ਆਧਾਰ ਨਹੀਂ ਹੁੰਦਾ।