ਗੂਜਰੀ ਮਹਲਾ ੧ ॥ ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥ ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥ ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥
ਪਦਅਰਥ: ਐ ਜੀ—ਹੇ ਭਾਈ! ਉਤਮ—ਉੱਚੀ ਜਾਤਿ ਦੇ। ਨੀਚ—ਨੀਵੀਂ ਜਾਤਿ ਦੇ। ਮਧਿਮ—ਵਿਚਕਾਰਲੀ ਜਾਤਿ ਦੇ। ਹਰਿ ਸਰਣਾਗਤਿ—ਹਰੀ ਦੀ ਸਰਨ ਆਏ ਹੋਏ। ਹਰਿ ਕੇ ਲੋਗ—ਪਰਮਾਤਮਾ ਦੇ ਭਗਤ। ਰਤੇ—ਰੰਗੇ ਹੋਏ। ਬੈਰਾਗੀ—ਨਿਰਮੋਹ। ਸੋਗ—ਚਿੰਤਾ। ਬਿਜੋਗ—ਵਿਛੋੜਾ। ਬਿਸਰਜਿਤ—ਵਿਸਾਰੇ ਹੋਏ।੧। ਤੇ—ਤੋਂ, ਨਾਲ। ਵਾਕਿ—ਵਾਕ ਦੀ ਰਾਹੀਂ, ਸ਼ਬਦ ਦੀ ਰਾਹੀਂ। ਕਾਣਿ—ਮੁਥਾਜੀ। ਜਮ ਕੀ ਬਾਕੀ—ਅਜੇਹਾ ਬਾਕੀ ਲੇਖਾ ਜਿਸ ਕਰਕੇ ਜਮਰਾਜ ਦਾ ਜ਼ੋਰ ਪੈ ਸਕੇ।੧।ਰਹਾਉ।
ਅਰਥ: ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਹ ਇਹ ਮਾਣ ਹੁੰਦਾ ਹੈ ਕਿ ਅਸੀ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ, ਨਾਹ ਇਹ ਸਹਮ ਹੁੰਦਾ ਹੈ ਕਿ ਅਸੀ ਨੀਵੀਂ ਜਾਤਿ ਦੇ ਹਾਂ। ਸਿਰਫ਼ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ) ਨਿਰਮੋਹ ਰਹਿੰਦੇ ਹਨ। ਚਿੰਤਾ, ਵਿਛੋੜਾ, ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ।੧। ਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ। ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਪਵਿਤ੍ਰ ਨਾਮ ਵਸਾ ਲਿਆ ਹੈ, ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ, ਉਸ ਦੇ ਜ਼ਿੰਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜੇਹਾ ਬਾਕੀ ਲੇਖਾ ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਉਤੇ ਜ਼ੋਰ ਪੈ ਸਕੇ।੧।ਰਹਾਉ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।