ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧   ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

Continues below advertisement

ਅਰਥ : ਸੰਤਹੁ = ਹੇ ਸੰਤ ਜਨੋ! ਮਨ ਪਵਨੈ = ਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ ਪਰਾਪਤਿ = ਪਰਾਪਤਿ ਜੋਗੁ, ਹਾਸਲ ਕਰਨ ਜੋਗਾ। ਕਿਛੁ = ਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆ = ਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ। ਗੁਰਿ = ਗੁਰੂ ਨੇ। ਮੋਰੀ = ਕਮਜ਼ੋਰੀ। ਜਿਤੁ = ਜਿਸ ਕਮਜ਼ੋਰੀ ਦੀ ਰਾਹੀਂ। ਮਿਰਗ = ਕਾਮਾਦਿਕ ਪਸ਼ੂ। ਚੋਰੀ = ਚੁਪ-ਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ। ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ। ਅਨਹਦ = ਇੱਕ-ਰਸ। ਬਾਜੀਅਲੇ = ਵੱਜਣ ਲੱਗ ਪਏ ਹਨ ॥੧॥ ਕੁੰਭ = ਹਿਰਦਾ-ਰੂਪ ਘੜਾ। ਜਲਿ = ਵਿਕਾਰ-ਰੂਪ ਪਾਣੀ ਨਾਲ। ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ। ਜਾਨਿਆ = ਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ। ਮਾਨਿਆ = ਪਤੀਜ ਗਿਆ ਹੈ ॥੨॥੧੦॥ਪਦ ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਕਹਿੰਦੇ ਹਨ, ਹੇ ਦਾਸ ਕਬੀਰ! (ਹੁਣ) ਆਖ ਕਿ ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥

 

Continues below advertisement