ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥ ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ {ਪੰਨਾ 931}
ਪਦ ਅਰਥ: ਰੋਸੁ = ਰੁਸੇਵਾਂ, ਰੋਸਾ, ਅਜੋੜ। ਕੀਜੈ = ਕਰਨਾ ਚਾਹੀਦਾ। ਰਹਣੁ = ਰਿਹੈਸ਼, ਵਸੇਬਾ। ਸੰਸਾਰੇ = ਸੰਸਾਰ ਵਿਚ। ਰਾਇ = ਅਮੀਰ। ਰੰਕ = ਕੰਗਾਲ। ਆਇ ਜਾਇ = ਜੋ ਆਇਆ ਹੈ ਉਸ ਨੇ ਚਲੇ ਜਾਣਾ ਹੈ, ਜੋ ਜੰਮਿਆ ਹੈ ਉਸ ਨੇ ਮਰਨਾ ਹੈ। ਜੁਗ ਚਾਰੇ = (ਇਹ ਕੁਦਰਤੀ ਨਿਯਮ) ਚਹੁੰ ਜੁਗਾਂ ਵਿਚ ਹੀ (ਚਲਿਆ ਆ ਰਿਹਾ ਹੈ) । ਕਹਣ ਤੇ = ਕਹਿਣ ਨਾਲ, ਆਖਣ ਨਾਲ। ਰਹਣ ਕਹਣ ਤੇ = ਇਹ ਆਖਣ ਨਾਲ ਕਿ ਮੈਂ ਜਗਤ ਵਿਚ ਹੀ ਰਹਿਣਾ ਹੈ, ਮਰਨ ਤੋਂ ਬਚਣ ਲਈ ਤਰਲੇ ਲੈਣ ਨਾਲ। ਕਿਸੁ ਪਹਿ = ਕਿਸ ਦੇ ਪਾਸ? ਬਿਨੰਤੀ = ਤਰਲਾ। ਕਿਸ ਪਹਿ ਕਰਉ ਬਿਨੰਤੀ = ਕਿਸੇ ਦੇ ਪਾਸ ਮੈਂ ਤਰਲਾਂ ਕਰਾਂ? (ਇਥੇ ਜਗਤ ਵਿਚ ਸਦਾ ਟਿਕੇ ਰਹਿਣ ਲਈ) ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ। ਨਿਰੋਧਰੁ = {ਸੰ: ਨਿਰੁਧ = ਵਿਕਾਰਾਂ ਤੋਂ ਬਚਾ ਰੱਖਣਾ} ਵਿਕਾਰਾਂ ਤੋਂ ਬਚਾ ਰੱਖਣ ਵਾਲਾ। ਪਤਿ ਮਤੀ = ਪਤੀ-ਪਰਮਾਤਮਾ ਨਾਲ ਮਿਲਾਣ ਵਾਲੀ ਮਤਿ।
 
ਅਰਥ: (ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ। ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ। ਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ। ਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ।
(ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ।11।
ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥ ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥ ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥
ਪਦ ਅਰਥ: ਲਾਜ = ਨੱਕ-ਨਮੂਜ। ਲਾਜ ਮਰੰਤੀ = ਲੋਕ-ਲਾਜ ਵਿਚ ਮਰਨ ਵਾਲੀ, ਹਰ ਵੇਲੇ ਦੁਨੀਆ ਵਿਚ ਨੱਕ-ਨਮੂਜ ਦਾ ਖ਼ਿਆਲ ਰੱਖਣ ਵਾਲੀ (ਅਕਲ) । ਮਰਿ ਗਈ = ਮੁੱਕ ਜਾਂਦੀ ਹੈ। ਘੂਘਟੁ ਖੋਲਿ = ਘੁੰਡ ਲਾਹ ਕੇ, ਨੱਕ ਨਮੂਜ ਵਾਲਾ ਘੁੰਡ ਲਾਹ ਕੇ। ਚਲੀ = ਤੁਰਦੀ ਹੈ। ਸਾਸੁ = ਸੱਸ, ਮਾਇਆ। ਬਾਵਰੀ = ਕਮਲੀ। ਸਿਰ ਤੇ = ਸਿਰ ਤੋਂ। ਸੰਕ = ਸ਼ੰਕਾ, ਸਹੰਸਾ, ਸਹਿਮ। ਟਲੀ = ਟਲ ਜਾਂਦਾ ਹੈ, ਹਟ ਜਾਂਦਾ ਹੈ। ਪ੍ਰੇਮਿ = ਪਿਆਰ ਨਾਲ। ਰਲੀ ਸਿਉ = ਚਾਉ ਨਾਲ। ਬੁਲਾਈ = ਸੱਦੀ ਜਾਂਦੀ ਹੈ, ਪਤੀ-ਪ੍ਰਭੂ ਸੱਦਦਾ ਹੈ। ਲਾਲਿ = ਲਾਲ ਵਿਚ, ਪ੍ਰੀਤਮ-ਪਤੀ ਵਿਚ। ਰਤੀ = ਰੰਗੀ ਹੋਈ। ਲਾਲੀ ਭਈ = (ਮੂੰਹ ਉਤੇ) ਲਾਲੀ ਚੜ੍ਹ ਆਉਂਦੀ ਹੈ। ਗੁਰਮੁਖਿ = ਉਹ ਜੀਵ-ਇਸਤ੍ਰੀ ਜੋ ਗੁਰੂ ਦੀ ਸਰਨ ਆਉਂਦੀ ਹੈ। ਨਿਚਿੰਦੁ = ਚਿੰਤਾ-ਰਹਿਤ।
ਅਰਥ: (ਹੇ ਪਾਂਡੇ!) ਜੋ ਜੀਵ-ਇਸਤ੍ਰੀ ਗੁਰੂ ਦੀ ਸਰਨ ਆਉਂਦੀ ਹੈ ਉਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ, ਪ੍ਰੀਤਮ-ਪਤੀ (ਦੇ ਪ੍ਰੇਮ) ਵਿਚ ਰੰਗੀ ਹੋਈ ਦੇ ਮੂੰਹ ਉਤੇ ਲਾਲੀ ਭਖ ਆਉਂਦੀ ਹੈ। ਉਸ ਨੂੰ ਪ੍ਰਭੂ-ਪਤੀ ਪਿਆਰ ਤੇ ਚਾਉ ਨਾਲ ਸੱਦਦਾ ਹੈ (ਭਾਵ, ਆਪਣੀ ਯਾਦ ਦੀ ਖਿੱਚ ਬਖ਼ਸ਼ਦਾ ਹੈ) , ਉਸ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਆ ਵੱਸਦਾ ਹੈ, ਉਸ ਦੇ ਮਨ ਵਿਚ) ਆਨੰਦ (ਟਿਕਿਆ ਰਹਿੰਦਾ) ਹੈ। (ਗੁਰੂ ਦੀ ਸਰਨ ਪੈ ਕੇ) ਦੁਨੀਆ ਦੇ ਨੱਕ-ਨਮੂਜ ਦਾ ਸਦਾ ਧਿਆਨ ਰੱਖਣ ਵਾਲੀ (ਉਸ ਦੀ ਪਹਿਲੀ ਅਕਲ) ਮੁੱਕ ਜਾਂਦੀ ਹੈ, ਹੁਣ ਉਹ ਲੋਕ-ਲਾਜ ਦਾ ਘੁੰਡ ਲਾਹ ਕੇ ਤੁਰਦੀ ਹੈ; (ਜਿਸ ਮਾਇਆ ਨੇ ਉਸ ਨੂੰ ਪਤੀ-ਪ੍ਰਭੂ ਵਿਚ ਜੁੜਨ ਤੋਂ ਰੋਕਿਆ ਹੋਇਆ ਸੀ, ਉਸ) ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ।12।
ਲਾਹਾ ਨਾਮੁ ਰਤਨੁ ਜਪਿ ਸਾਰੁ ॥ ਲਬੁ ਲੋਭੁ ਬੁਰਾ ਅਹੰਕਾਰੁ ॥ ਲਾੜੀ ਚਾੜੀ ਲਾਇਤਬਾਰੁ ॥ ਮਨਮੁਖੁ ਅੰਧਾ ਮੁਗਧੁ ਗਵਾਰੁ ॥ ਲਾਹੇ ਕਾਰਣਿ ਆਇਆ ਜਗਿ ॥ ਹੋਇ ਮਜੂਰੁ ਗਇਆ ਠਗਾਇ ਠਗਿ ॥ ਲਾਹਾ ਨਾਮੁ ਪੂੰਜੀ ਵੇਸਾਹੁ ॥ ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥ {ਪੰਨਾ 931}
ਪਦ ਅਰਥ: ਜਪਿ = (ਹੇ ਪਾਂਡੇ!) ਯਾਦ ਕਰ। ਲਾਹਾ = ਲਾਭ, ਖੱਟੀ। ਨਾਮੁ ਰਤਨੁ = ਪਰਮਾਤਮਾ ਦਾ ਨਾਮ ਜੋ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ ਕੀਮਤੀ ਹੈ। ਸਾਰੁ = ਸਾਰ ਨਾਮ, ਸ੍ਰੇਸ਼ਟ ਨਾਮ। ਬੁਰਾ = ਭੈੜਾ, ਚੰਦਰਾ। ਲਾੜੀ ਚਾੜੀ = ਲਹਾ ਦੀ ਗੱਲ ਤੇ ਚੜ੍ਹਾਅ ਦੀ ਗੱਲ, ਨਿੰਦਿਆ ਤੇ ਖ਼ੁਸ਼ਾਮਦ। ਲਾਇਤਬਾਰ = ਲਾ-ਇਤਬਾਰੁ, ਉਹ ਢੰਗ ਜਿਸ ਨਾਲ ਕਿਸੇ ਦਾ ਇਤਬਾਰ ਗਵਾਇਆ ਜਾ ਸਕੇ, ਚੁਗ਼ਲੀ। ਮਨ ਮੁਖੁ = ਉਹ ਬੰਦਾ ਜਿਸ ਦਾ ਰੁਖ਼ ਆਪਣੇ ਮਨ ਵਲ ਹੈ, ਆਪ-ਹੁਦਰਾ ਬੰਦਾ। ਮੁਗਧੁ = ਮੂਰਖ। ਕਾਰਣਿ = ਵਾਸਤੇ। ਜਗਿ = ਜਗ ਵਿਚ। ਹੋਇ = ਬਣ ਕੇ। ਗਇਆ ਠਗਾਇ = ਠਗਾ ਕੇ ਗਿਆ, ਬਾਜੀ ਹਾਰ ਕੇ ਗਿਆ। ਠਗਿ = ਠੱਗ ਦੀ ਰਾਹੀਂ, ਮੋਹ ਦੀ ਰਾਹੀਂ। ਵੇਸਾਹੁ = ਸਰਧਾ। ਸਚੀ = ਸਦਾ ਟਿਕੀ ਰਹਿਣ ਵਾਲੀ। ਪਤਿ = ਇੱਜ਼ਤ।
ਅਰਥ: (ਹੇ ਪਾਂਡੇ! ਪਰਮਾਤਮਾ ਦਾ) ਸ੍ਰੇਸ਼ਟ ਨਾਮ ਜਪ, ਸ੍ਰੇਸ਼ਟ ਨਾਮ ਹੀ ਅਸਲ ਖੱਟੀ-ਕਮਾਈ ਹੈ। ਜੀਭ ਦਾ ਚਸਕਾ, ਮਾਇਆ ਦਾ ਲਾਲਚ, ਅਹੰਕਾਰ, ਨਿੰਦਿਆ, ਖ਼ੁਸ਼ਾਮਦ, ਚੁਗ਼ਲੀ = ਇਹ ਹਰੇਕ ਕੰਮ ਮਾੜਾ ਹੈ। ਜੋ ਮਨੁੱਖ (ਪਰਮਾਤਮਾ ਦਾ ਸਿਮਰਨ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਲਬ ਲੋਭ ਆਦਿਕ ਕਰਦਾ ਹੈ) ਉਹ ਮੂਰਖ, ਮੂੜ੍ਹ, ਤੇ ਅੰਨ੍ਹਾ ਹੈ (ਭਾਵ, ਉਸ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿੱਸਦਾ) ।
ਜੀਵ ਜਗਤ ਵਿਚ ਕੁਝ ਖੱਟਣ ਦੀ ਖ਼ਾਤਰ ਆਉਂਦਾ ਹੈ, ਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ। ਹੇ ਨਾਨਕ! ਜੋ ਮਨੁੱਖ ਸਰਧਾ ਨੂੰ ਰਾਸ-ਪੂੰਜੀ ਬਣਾਂਦਾ ਹੈ ਤੇ (ਇਸ ਪੂੰਜੀ ਦੀ ਰਾਹੀਂ) ਪਰਮਾਤਮਾ ਦਾ ਨਾਮ ਖੱਟਦਾ-ਕਮਾਂਦਾ ਹੈ, ਉਸ ਨੂੰ ਸਦਾ-ਥਿਰ ਪਾਤਿਸ਼ਾਹ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ।13।
ਆਇ ਵਿਗੂਤਾ ਜਗੁ ਜਮ ਪੰਥੁ ॥ ਆਈ ਨ ਮੇਟਣ ਕੋ ਸਮਰਥੁ ॥ ਆਥਿ ਸੈਲ ਨੀਚ ਘਰਿ ਹੋਇ ॥ ਆਥਿ ਦੇਖਿ ਨਿਵੈ ਜਿਸੁ ਦੋਇ ॥ ਆਥਿ ਹੋਇ ਤਾ ਮੁਗਧੁ ਸਿਆਨਾ ॥ ਭਗਤਿ ਬਿਹੂਨਾ ਜਗੁ ਬਉਰਾਨਾ ॥ ਸਭ ਮਹਿ ਵਰਤੈ ਏਕੋ ਸੋਇ ॥ ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥ {ਪੰਨਾ 931}
ਪਦ ਅਰਥ: ਆਇ = ਆ ਕੇ, ਜਨਮ ਲੈ ਕੇ। ਵਿਗੂਤਾ = ਖ਼ੁਆਰ ਹੁੰਦਾ ਹੈ। ਜਗੁ = ਜਗਤ (ਭਾਵ, ਜੀਵ) । ਜਮ ਪੰਥੁ = ਮੌਤ ਦਾ ਰਾਹ, ਆਤਮਕ ਮੌਤ ਦਾ ਰਸਤਾ। ਆਈ = ਮਾਇਆ, ਮਾਇਆ ਦੀ ਤ੍ਰਿਸ਼ਨਾ। ਆਥਿ = ਮਾਇਆ। ਸੈਲ = ਪਹਾੜ। ਆਥਿ ਸੈਲ = ਮਾਲ-ਧਨ ਦੇ ਪਹਾੜ, ਬਹੁਤ ਧਨ {ਜਿਵੇਂ, "ਗਿਰਹਾ ਸੇਤੀ ਮਾਲੁ ਧਨੁ"}। ਨੀਚ = ਚੰਦਰਾ ਮਨੁੱਖ। ਨੀਚ ਘਰਿ = ਚੰਦਰੇ ਬੰਦੇ ਦੇ ਘਰ ਵਿਚ। ਜਿਸੁ ਆਥਿ ਦੇਖਿ = ਤੇ ਉਸ (ਨੀਚ) ਦੀ ਮਾਇਆ ਨੂੰ ਵੇਖ ਕੇ। ਦੋਇ = ਦੋਵੇ (ਭਾਵ, ਅਮੀਰ ਤੇ ਗਰੀਬ) । ਬਉਰਾਨਾ = ਕਮਲਾ, ਝੱਲਾ। ਏਕੋ ਸੋਇ = ਉਹ (ਗੋਪਾਲ) ਆਪ ਹੀ। ਵਰਤੈ = ਮੌਜੂਦ ਹੈ।
ਅਰਥ: (ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ) ਉਹ (ਗੋਪਾਲ) ਆਪ ਹੀ ਸਭ ਜੀਵਾਂ ਵਿਚ ਮੌਜੂਦ ਹੈ, ਪਰ ਇਹ ਸੂਝ ਉਸ ਮਨੁੱਖ ਨੂੰ ਆਉਂਦੀ ਹੈ ਜਿਸ ਉਤੇ (ਗੋਪਾਲ ਆਪ) ਕਿਰਪਾ ਕਰਦਾ ਹੈ।
(ਗੋਪਾਲ ਦੀ) ਭਗਤੀ ਤੋਂ ਬਿਨਾ ਜਗਤ (ਮਾਇਆ ਪਿੱਛੇ) ਝੱਲਾ ਹੋ ਰਿਹਾ ਹੈ। ਜੀਵ (ਸੰਸਾਰ ਵਿਚ) ਜਨਮ ਲੈ ਕੇ (ਗੋਪਾਲ ਦੀ ਭਗਤੀ ਦੇ ਥਾਂ ਮਾਇਆ ਦੀ ਖ਼ਾਤਰ) ਖ਼ੁਆਰ ਹੁੰਦਾ ਹੈ, ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾਣ-ਜੋਗਾ ਨਹੀਂ ਹੁੰਦਾ ਤੇ ਆਤਮਕ ਮੌਤ ਦਾ ਰਾਹ ਫੜ ਲੈਂਦਾ ਹੈ। (ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ ਕਿਸੇ ਚੰਦਰੇ ਮਨੁੱਖ ਦੇ ਘਰ ਵਿਚ ਹੋਵੇ ਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ ਚੰਦਰੇ ਅੱਗੇ ਭੀ) ਲਿਫ਼ਦੇ ਹਨ; ਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ ਜਾਂਦਾ) ਹੈ।14।
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥ ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ ਲੋਈ ॥ ਜੋਗ ਜੁਗਤਿ ਜਗਜੀਵਨੁ ਸੋਈ ॥ ਕਰਿ ਆਚਾਰੁ ਸਚੁ ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥
ਪਦ ਅਰਥ: ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਹਰ ਸਮੇ। ਥਾਪਿ = ਥਾਪ ਕੇ, ਟਿਕਾ ਕੇ, ਪੈਦਾ ਕਰ ਕੇ। ਜਨਮਿ = ਜਨਮ ਵਿਚ। ਮਰਣਿ = ਮਰਨ ਵਿਚ। ਧੈਰੁ = ਭਟਕਣਾ।
ਜਨਮਿ ਮਰਣਿ ਨਹੀ = (ਉਹ ਗੋਪਾਲ) ਜਨਮ ਵਿਚ ਤੇ ਮਰਨ ਵਿਚ ਨਹੀਂ (ਆਉਂਦਾ) । ਉਪਾਇ = ਪੈਦਾ ਕਰ ਕੇ। ਘਟ = ਸਾਰੇ ਸਰੀਰ। ਅਗੋਚਰੁ = {ਅ+ਗੋ+ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ। ਅ = ਨਹੀਂ} ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ, ਅਪਹੁੰਚ। ਲੋਈ = ਸ੍ਰਿਸ਼ਟੀ, ਜਗਤ, ਲੋਕ। ਜੋਗ ਜੁਗਤਿ = (ਆਪਣੇ ਨਾਲ) ਮਿਲਣ ਦੀ ਜਾਚ। ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਸੋਈ = ਆਪ ਹੀ (ਦੱਸਦਾ ਹੈ) । ਆਚਾਰੁ = (ਚੰਗਾ) ਕਰਤੱਬ। ਸਚੁ = ਪ੍ਰਭੂ (ਦਾ ਸਿਮਰਨ) । ਮੁਕਤਿ = ਧੰਧਿਆਂ ਤੋਂ ਖ਼ਲਾਸੀ। ਕਿਵ ਹੋਈ = ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ।
ਅਰਥ: (ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ, ਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰਦਾ। ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ, ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ) ।
(ਹੇ ਪਾਂਡੇ!) ਜਗਤ ਭਟਕਣਾ ਵਿਚ (ਫਸਿਆ ਪਿਆ) ਹੈ, ਜਗਤ ਦਾ ਸਹਾਰਾ ਉਹ ਅਪਹੁੰਚ ਗੋਪਾਲ ਆਪ ਹੀ (ਜੀਵ ਨੂੰ ਇਸ ਭਟਕਣਾ ਵਿਚੋਂ ਕੱਢ ਕੇ) ਆਪਣੇ ਨਾਲ ਮਿਲਣ ਦੀ ਜਾਚ ਸਿਖਾਂਦਾ ਹੈ।
(ਹੇ ਪਾਂਡੇ!) ਉਸ ਸਦਾ-ਥਿਰ (ਗੋਪਾਲ ਦੀ ਯਾਦ) ਨੂੰ ਆਪਣਾ ਕਰਤੱਬ ਬਣਾ, ਤਦੋਂ ਹੀ ਸੁਖ ਮਿਲਦਾ ਹੈ। ਉਸ ਦੇ ਨਾਮ ਤੋਂ ਵਾਂਜੇ ਰਹਿ ਕੇ ਧੰਧਿਆਂ ਤੋਂ ਖ਼ਲਾਸੀ ਨਹੀਂ ਹੋ ਸਕਦੀ।15।