ਟੋਡੀ ਮਹਲਾ ੫ ॥ ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥
ਸਤਿਗੁਰ = ਹੇ ਗੁਰੂ! ਲਾਹਿ = ਦੂਰ ਕਰ।੧।ਰਹਾਉ। ਅਵਰ ਠਾਹਰ = ਕੋਈ ਹੋਰ ਆਸਰਾ। ਹਾਰਿ = ਹਾਰ ਕੇ। ਤਉ ਦੁਆਰੀ = ਤੇਰੇ ਦਰ ਤੇ। ਅਲੇਖੈ = ਬਿਨਾ ਲੇਖਾ ਕਰਨ ਦੇ। ਛੂਟਹ = ਅਸੀਂ ਸੁਰਖ਼ਰੂ ਹੋ ਸਕਦੇ ਹਾਂ। ਨਿਰਗੁਨ = ਗੁਣਹੀਨ। ਲੇਹੁ ਉਬਾਰੀ = ਉਬਾਰਿ ਲੇਹੁ, ਬਚਾ ਲੈ।੧। ਸਦ = ਸਦਾ। ਬਖਸਿੰਦੁ = ਬਖ਼ਸ਼ਸ਼ ਕਰਨ ਵਾਲਾ। ਦੇਇ = ਦੇਂਦਾ ਹੈ। ਅਧਾਰੀ = ਆਸਰਾ। ਸੰਤ ਪਾਛੈ = ਗੁਰੂ ਦੀ ਸਰਨ। ਇਹ ਬਾਰੀ = ਇਸ ਵਾਰੀ, ਇਸ ਜਨਮ ਵਿਰ।੨।ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ)।੧।ਰਹਾਉ। ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ।੧। ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ। ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ।੨।੪।੯।
ਗੱਜ-ਵੱਜ ਕੇ ਫਤਹਿ ਬੁਲਾਓ ਜੀ !ਵਾਹਿਗੁਰੂ ਜੀ ਕਾ ਖਾਲਸਾ !!ਵਾਹਿਗੁਰੂ ਜੀ ਕੀ ਫਤਹਿ !!
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।