ਚੰਡੀਗੜ੍ਹ: ਬਾਦਲ ਪਰਿਵਾਰ ਨੇ ਗੁਰਬਾਣੀ ਪ੍ਰਸਾਰਨ ’ਤੇ ਵੀ ਏਕਾਧਿਕਾਰ ਕਰ ਲਿਆ ਹੈ। ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਗੁਰਬਾਣੀ ਦੇ ਪ੍ਰਸਾਰਣ ਦਾ ਹੱਕ ਸਿਰਫ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟੀਵੀ ਚੈਨਲ ਨੂੰ ਦੇ ਦਿੱਤੇ ਗਏ ਹਨ। ਇਹ ਇਲਜ਼ਾਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਲਾਏ ਹਨ। ਉਨ੍ਹਾਂ ਨੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ’ਤੇ ਸਿਰਫ ਇੱਕ ਟੀਵੀ ਚੈਨਲ ਦੇ ਏਕਾਧਿਕਾਰ ਨੂੰ ਗੁਰੂ ਸਾਹਿਬਾਨ ਵੱਲੋਂ ਦਿਖਾਏ ਸਰਬ-ਸਾਂਝੀਵਾਲਤਾ ਦੇ ਸਿਧਾਂਤ ਤੋਂ ਉਲਟ ਦੱਸਿਆ ਹੈ।
ਜਾਖੜ ਨੇ ਦਰਬਾਰ ਸਾਹਿਬ ਤੋਂ ਜਾਰੀ ਹੁੰਦੇ ਪਵਿੱਤਰ ਹੁਕਮਨਾਮੇ ਨੂੰ ਫੇਸਬੁੱਕ ਰਾਹੀਂ ਸ਼ੇਅਰ ਕਰਨ ਤੋਂ ਪੀਟੀਸੀ ਚੈਨਲ ਵੱਲੋਂ ਰੋਕੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਗੁਰਮਰਿਆਦਾ ਨੂੰ ਢਾਹ ਲਾਉਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਕੀਤੀ ਹੈ।
ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਇੱਕ ਪਾਸੇ ਪਾਰਟੀ ਦੇ ਪ੍ਰਧਾਨ ਹਨ, ਉੱਥੇ ਚੈਨਲ ਦੀ ਮਾਲਕੀ ਵੀ ਉਨ੍ਹਾਂ ਕੋਲ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਪ੍ਰਧਾਨ ਵੀ ਉਨ੍ਹਾਂ ਖ਼ੁਦ ਹੀ ਥਾਪਿਆ ਹੈ। ਅਜਿਹੇ ਵਿੱਚ ਆਪਸੀ ਹਿੱਤਾਂ ਦੇ ਟਕਰਾਅ ਦੇ ਇਸ ਵਰਤਾਰੇ ਵਿੱਚ ਸੁਖਬੀਰ ਬਾਦਲ ਤੋਂ ਇਹ ਉਮੀਦ ਕਰਨੀ ਯੋਗ ਨਹੀਂ ਹੋਵੇਗੀ ਕਿ ਉਹ ਪੰਥਕ ਪਾਰਟੀ ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਇਸ ਮੁੱਦੇ ’ਤੇ ਦਖਲ ਦੇ ਕੇ ਗੁਰਬਾਣੀ ਦੀ ਪਹੁੰਚ ਸਭ ਤੱਕ ਯਕੀਨੀ ਬਣਾਉਣ ਲਈ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਧਰਮਾਂ ਤੇ ਵਰਣਾਂ ਲਈ ਬਰਾਬਰ ਸਤਿਕਾਰਯੋਗ ਹੈ। ਅਜਿਹੇ ਵਿੱਚ ਗੁਰਬਾਣੀ ਦੇ ਪ੍ਰਸਾਰਨ ’ਤੇ ਕਿਸੇ ਨਿੱਜੀ ਅਦਾਰੇ ਵੱਲੋਂ ਵਪਾਰਕ ਹਿੱਤਾਂ ਲਈ ਬੰਦਿਸ਼ਾਂ ਲਾਉਣੀਆਂ ਸਿੱਖ ਸਿਧਾਂਤਾਂ ਦੇ ਵਿਰੁੱਧ ਹਨ।
ਜਾਖੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ, ਜੋ ਸਿੱਧੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕੰਟਰੋਲ ਹੇਠ ਹੈ, ਵੱਲੋਂ ਨਿਗੂਣੀ ਰਕਮ ਬਦਲੇ ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਨ ਦੇ ਅਧਿਕਾਰ ਸੁਖਬੀਰ ਬਾਦਲ ਦੀ ਮਲਕੀਅਤ ਵਾਲੇ ਨਿੱਜੀ ਚੈਨਲ ਨੂੰ ਦੇ ਦੇਣਾ ਇਸ ਸੰਸਥਾ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।
ਜਾਖੜ ਨੇ ਮੰਗ ਕੀਤੀ ਕਿ ਗੁਰਬਾਣੀ ਪ੍ਰਸਾਰਨ ਦੇ ਕਿਸੇ ਚੈਨਲ ਵਿਸ਼ੇਸ਼ ਨੂੰ ਦਿੱਤੇ ਅਧਿਕਾਰ ਤੁਰੰਤ ਰੱਦ ਕੀਤੇ ਜਾਣ ਤੇ ਪਵਿੱਤਰ ਹੁਕਮਨਾਮੇ ਦੀ ਆਡੀਓ ਜਾਂ ਵੀਡੀਓ ਫੇਸਬੁਕ ਜਾਂ ਕਿਸੇ ਵੀ ਹੋਰ ਮਾਧਿਅਮ ਰਾਹੀਂ ਸ਼ੇਅਰ ਕਰਨ ’ਤੇ ਲਾਈਆਂ ਰੋਕਾਂ ਹਟਾਈਆ ਜਾਣ ਤੇ ਦਰਬਾਰ ਸਾਹਿਬ ਤੋਂ ਸਾਰੇ ਚੈਨਲਾਂ ਨੂੰ ਕੀਰਤਨ ਦੇ ਪ੍ਰਸਾਰਨ ਦੀ ਆਗਿਆ ਦਿੱਤੀ ਜਾਵੇ।
ਗੁਰਬਾਣੀ ਪ੍ਰਸਾਰਨ ’ਤੇ ਵੀ ਬਾਦਲ ਪਰਿਵਾਰ ਦਾ ਕੰਟਰੋਲ! ਸੁਖਬੀਰ ਬਾਦਲ ਖਿਲਾਫ ਮੰਗੀ ਕਾਰਵਾਈ
ਏਬੀਪੀ ਸਾਂਝਾ
Updated at:
12 Jan 2020 01:47 PM (IST)
ਬਾਦਲ ਪਰਿਵਾਰ ਨੇ ਗੁਰਬਾਣੀ ਪ੍ਰਸਾਰਨ ’ਤੇ ਵੀ ਏਕਾਧਿਕਾਰ ਕਰ ਲਿਆ ਹੈ। ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਗੁਰਬਾਣੀ ਦੇ ਪ੍ਰਸਾਰਣ ਦਾ ਹੱਕ ਸਿਰਫ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟੀਵੀ ਚੈਨਲ ਨੂੰ ਦੇ ਦਿੱਤੇ ਗਏ ਹਨ। ਇਹ ਇਲਜ਼ਾਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਲਾਏ ਹਨ। ਉਨ੍ਹਾਂ ਨੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ’ਤੇ ਸਿਰਫ ਇੱਕ ਟੀਵੀ ਚੈਨਲ ਦੇ ਏਕਾਧਿਕਾਰ ਨੂੰ ਗੁਰੂ ਸਾਹਿਬਾਨ ਵੱਲੋਂ ਦਿਖਾਏ ਸਰਬ-ਸਾਂਝੀਵਾਲਤਾ ਦੇ ਸਿਧਾਂਤ ਤੋਂ ਉਲਟ ਦੱਸਿਆ ਹੈ।
- - - - - - - - - Advertisement - - - - - - - - -