ਕੁਮਾਰ ਸਵਾਮੀ ਬੋਲਿਆ, 'ਏਕ ਓਂਕਾਰ ਅਕਾਲ ਪੁਰਖ ਮੈਂ ਹੀ ਹਾਂ', ਹੁਣ ਮਾਫੀ ਮੰਗ ਛੁਡਾਈ ਜਾਨ


ਅੰਮ੍ਰਿਤਸਰ: ਖੁਦ ਨੂੰ ਅਕਾਲ ਪੁਰਖ ਕਹਿਣ ਵਾਲੇ ਬ੍ਰਹਮ ਰਿਸ਼ੀ ਕੁਮਾਰ ਸਵਾਮੀ ਨੇ ਆਪਣੇ ਬਿਆਨ ‘ਤੇ ਮਾਫੀ ਮੰਗੀ ਹੈ। ਕੁਮਾਰ ਸਵਾਮੀ ਦੀ ਪੰਜ ਮੈਂਬਰੀ ਕਮੇਟੀ ਨੇ ਅੰਮ੍ਰਿਤਸਰ ਪਹੁੰਚ ਕੇ ਲਿਖਤੀ ‘ਚ ਮਾਫੀਨਾਮਾ ਐਸਜੀਪੀਸੀ ਨੂੰ ਸੌਂਪਿਆ ਹੈ। ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਵਿਵਾਦਤ ਬਿਆਨ ਲਈ ਕੁਮਾਰ ਸਵਾਮੀ ਨੇ ਮਾਫੀ ਮੰਗੀ ਹੈ ਪਰ ਖਿਆਲ ਰਹੇ ਕਿ ਉਹ ਅੱਗੇ ਤੋਂ ਅਜਿਹੇ ਬੋਲ ਦੁਬਾਰਾ ਨਾ ਬੋਲਣ।

ਅਸਲ ’ਚ ਹਿੰਦੂ ਧਾਰਮਿਕ ਗੁਰੂ ਕੁਮਾਰ ਸਵਾਮੀ ਨੇ ਬੀਤੇ ਦਿਨੀਂ ਕਿਹਾ ਸੀ ਕਿ ਏਕ ਓਂਕਾਰ ਅਕਾਲ ਪੁਰਖ ਮੈਂ ਹੀ ਹਾਂ। ਇਸ ਗੱਲ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਗੁੱਸਾ ਸੀ। ਉਧਰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਡੈਂਟਲ ਕਾਲਜ ‘ਚ ਹੋਈ ਬੈਠਕ ‘ਚ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੁਮਾਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ।

ਐਸਜੀਪੀਸੀ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਇਸ ਦੌਰਾਨ ਕੁਮਾਰ ਸਵਾਮੀ ਦੀ ਪੰਜ ਮੈਂਬਰੀ ਕਮੇਟੀ ਅੰਮ੍ਰਿਤਸਰ ਪਹੁੰਚੀ ਤੇ ਉਨ੍ਹਾਂ ਨੇ ਐਸਜੀਪੀਸੀ ਨੂੰ ਲਿਖਤੀ ਤੌਰ ‘ਚ ਮਾਫੀਨਾਮਾ ਸੌਂਪਿਆ। ਇਸ ਮਾਫੀਨਾਮੇ ਨੂੰ ਸਵੀਕਾਰ ਕਰ ਲਿਆ ਗਿਆ ਹੈ ਜਿਸ ਦੀ ਪੁਸ਼ਟੀ ਖੁਦ ਲੌਂਗੋਵਾਲ ਨੇ ਕੀਤੀ ਹੈ।