ਗਗਨਦੀਪ ਸ਼ਰਮਾ


ਅੰਮ੍ਰਿਤਸਰ: ਜ਼ਿਲ੍ਹੇ ਦੇ ਕਸਬਾ ਬਾਬਾ ਬਕਾਲਾ ਵਿੱਚ ਸਥਿਤ ਨਿਹੰਗ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਕਬਜ਼ੇ ਨੂੰ ਲੈ ਕੇ ਅੱਜ ਹਿੰਸਕ ਝੜਪ ਹੋਈ ਜਿਸ ਵਿੱਚ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ ਤੇ ਕੁਝ ਨਿਹੰਗ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਵੇਂ ਪੁਲਿਸ ਨੇ ਇਸ ਸਬੰਧੀ ਨਿਹੰਗ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਪਰ ਹਮਲਾਵਰਾਂ ਦਾ ਇੱਕ ਸਾਥੀ ਵੀ ਮਾਰਿਆ ਗਿਆ ਹੈ।

ਇਸ ਸਬੰਧੀ ਪੁਲਿਸ ਅਧਿਕਾਰੀ ਨੂੰ ਵੱਲੋਂ ਫਿਲਹਾਲ ਜਾਂਚ ਦਾ ਹਵਾਲਾ ਦੇ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਸਵੇਰੇ ਇੱਕ ਨਿਹੰਗ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਸੀ।

'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਅਜੀਤ ਸਿੰਘ ਪੂਹਲਾ ਦੇ ਭਾਣਜੇ ਦਿਲਪ੍ਰੀਤ ਸਿੰਘ ਡਿੰਪੀ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਪਰਿਵਾਰ ਨਾਲ ਡੇਰੇ ਤੇ ਸਥਿਤ ਘਰ ਵਿੱਚ ਸੌਂ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਰਣਜੀਤ ਸਿੰਘ ਰਣੀਆਂ ਨਾਂ ਦਾ ਨਿਹੰਗ ਆਪਣੇ ਨਾਲ ਚਾਲੀ ਪੰਜਾਹ ਨਿਹੰਗ ਸਾਥੀ ਲੈਕੇ ਹਥਿਆਰਾਂ ਨਾਲ ਲੈਸ ਹੋ ਕੇ ਬਾਹਰ ਖੜ੍ਹਾ ਸੀ। ਉਹ ਲਗਾਤਾਰ ਉਨ੍ਹਾਂ ਦੇ ਘਰ ਵੱਲ ਗੋਲੀਆਂ ਚਲਾ ਰਿਹਾ ਸੀ। ਘਰ ਵਿੱਚ ਪੁਲਿਸ ਪਹਿਲਾਂ ਤੋਂ ਤਾਇਨਾਤ ਸੀ ਕਿਉਂਕਿ ਰਣਜੀਤ ਸਿੰਘ ਵੱਲੋਂ ਕਥਿਤ ਤੌਰ ਤੇ ਹਮਲੇ ਦਾ ਪਰਿਵਾਰ ਨੂੰ ਖਦਸ਼ਾ ਸੀ।

ਦੂਜੇ ਪਾਸੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਜਥੇਦਾਰ ਰਣਜੀਤ ਸਿੰਘ ਰਣੀਆਂ ਦੇ ਸਾਥੀ ਥਾਣਾ ਬਿਆਸ ਵਿਖੇ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਜਥੇਦਾਰ ਰਣਜੀਤ ਸਿੰਘ ਰਣੀਆਂ ਆਪਣੇ ਸਾਥੀਆਂ ਨਾਲ ਅੱਜ ਸਵੇਰੇ ਬਾਬਾ ਬਕਾਲਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਗਏ ਸਨ। ਅਜੀਤ ਸਿੰਘ ਪੂਹਲਾ ਦੇ ਡੇਰੇ ਦੇ ਬਾਹਰ ਕੁਝ ਸਮੇਂ ਲਈ ਆਰਾਮ ਕਰਨ ਲਈ ਬੈਠੇ ਸਨ ਤਾਂ ਅਜੀਤ ਸਿੰਘ ਪੂਹਲਾ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਅਚਾਨਕ ਫਾਇਰਿੰਗ ਕਰ ਦਿੱਤੀ।

ਇਸ ਵਿੱਚ ਸੁਖਰਾਜ ਸਿੰਘ ਨਾਂ ਦਾ ਨਿਹੰਗ ਸਿੰਘ ਮਰ ਗਿਆ ਜਦਕਿ ਬਾਕੀ ਚਾਰ ਪੰਜ ਨਿਹੰਗ ਸਿੰਘ ਜ਼ਖ਼ਮੀ ਹੋ ਗਏ। ਜਥੇਦਾਰ ਰਣੀਆਂ ਦੇ ਸਾਥੀਆਂ ਨੇ ਦੱਸਿਆ ਕਿ ਇਹ ਡੇਰਾ ਅਜੀਤ ਸਿੰਘ ਪੂਹਲਾ ਦਾ ਹੈ ਤੇ ਜਥੇਦਾਰ ਰਣੀਆਂ ਲੰਬੇ ਸਮੇਂ ਤੋਂ ਅਜੀਤ ਸਿੰਘ ਪੂਹਲਾ ਦੇ ਸਾਥੀ ਰਹੇ ਸਨ। ਇਸ ਕਰਕੇ ਉਨ੍ਹਾਂ ਦਾ ਹੱਕ ਬਣਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਜਾਣਬੁੱਝ ਕੇ ਲਿਆ ਗਿਆ ਹੈ। ਸਾਡੇ ਮਾਰੇ ਗਏ ਨਿਹੰਗ ਸਿੰਘ ਸੁਖਰਾਜ ਸਿੰਘ ਸਬੰਧੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਇਸ ਸਬੰਧੀ ਬਾਬਾ ਬਕਾਲਾ ਦੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਆਖਿਆ ਕਿ ਪੁਲਿਸ ਨੇ ਦਿਲਪ੍ਰੀਤ ਸਿੰਘ ਦੇ ਬਿਆਨਾਂ ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਚੱਲੇ ਕਾਰਤੂਸ ਵੀ ਘਟਨਾ ਸਥਾਨ ਤੋਂ ਬਰਾਮਦ ਹੋਏ ਹਨ।