ਪਰਮਜੀਤ ਸਿੰਘ ਅਨੰਦਪੁਰ ਸਾਹਿਬ: ਅੱਜ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤਿ ਦਿਵਸ ਹੈ। ਸਮੁਚੇ ਸਿੱਖ ਜਗਤ ਅੰਦਰ ਗੁਰੂ ਜੀ ਦਾ ਜੋਤੀ ਜੋਤਿ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦਾ ਜੀਵਨ ਅਤਿੰਅਤ ਵਿਲੱਖਣ ਹੈ। ਅਜਿਹੀ ਵਿਲੱਖਣ ਤੇ ਬਹੁਪੱਖੀ ਸ਼ਖ਼ਸੀਅਤ ਨੂੰ ਕਲਮ ਦੀ ਬੰਦਿਸ਼ ਵਿੱਚ ਲਿਆਉਣਾ ਔਖਾ ਹੀ ਨਹੀਂ, ਸਗੋਂ ਅਸੰਭਵ ਹੈ। ਗੁਰੂ ਗੋਬਿੰਦ ਸਿੰਘ ਨੇ ਮਨੁੱਖਤਾ ਦੀ ਭਲਾਈ ਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਭ ਕੁਝ ਲੇਖੇ ਲਾ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਜਨਮ 1666 ਈ: ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ। ਉਨ੍ਹਾਂ ਨੌਂ ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਤੇ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਨੂੰ ਦੂਜਿਆਂ ਦਾ ਧਰਮ ਬਚਾਉਣ ਲਈ ਬਲੀਦਾਨ ਦੇਣ ਦੀ ਵੱਡਮੱਲੀ ਸਲਾਹ ਦਿੱਤੀ। ਉਨ੍ਹਾਂ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਮੁਰਦਾ ਹੋ ਚੁੱਕੀ ਕੌਮ ਵਿੱਚ ਨਵੀਂ ਰੂਹ ਫੂਕ ਕੇ ਜਾਗ੍ਰਿਤੀ ਪੈਦਾ ਕੀਤੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਬਰਾਬਰਤਾ ਦੀ ਸਿੱਖਿਆ ਨੂੰ ਗੁਰੂ ਗੋਬਿੰਦ ਸਿੰਘ ਨੇ ਪੱਕਾ ਸਿਸਟਮ ਪ੍ਰਦਾਨ ਕੀਤਾ। ਉਨ੍ਹਾਂ ਸਿੱਖਾਂ ਨੂੰ ਗ਼ੈਰਤ, ਜੁਅੱਰਤ, ਅਨੁਸ਼ਾਸਨ ਤੇ ਸੂਰਬੀਰਤਾ ਦੀ ਦਾਤ ਬਖ਼ਸ਼ੀ। ਮਹਾਨ ਆਗੂ, ਯੋਧਾ, ਕਵੀ, ਸੰਗੀਤਕਾਰ, ਕਈ ਭਾਸ਼ਾਵਾਂ ਦਾ ਗਿਆਨ ਹੋਣਾ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਉਭਾਰਦੇ ਹਨ। ਅੱਜ ਉਨ੍ਹਾਂ ਦੇ ਜੋਤੀ ਜੋਤਿ ਦਿਵਸ ਮੌਕੇ ਏਬੀਪੀ ਸਾਂਝਾ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਨੂੰ ਸਿਜਦਾ ਕਰਦਾ ਹੈ।